ਮਾਲੇ – ਮਾਲਦੀਵ ਇਮੀਗ੍ਰੇਸ਼ਨ ਵਿਭਾਗ ਨੇ ਉਨ੍ਹਾਂ ਸਾਰੀਆਂ ਖਬਰਾਂ ਨੂੰ ਖਾਰਜ ਕਰ ਦਿੱਤਾ ਹੈ, ਜਿਨ੍ਹਾਂ ‘ਚ ਭਾਰਤੀ ਨਾਗਰਿਕਾਂ ਨੂੰ ਵਰਕ ਪਰਮਿਟ ਦੇਣ ਤੋਂ ਇਨਕਾਰ ਕਰਨ ਦੀ ਗੱਲ ਗਈ ਸੀ। ਇਕ ਪੱਤਰਕਾਰ ਏਜੰਸੀ ਦੀ ਖਬਰ ਮੁਤਾਬਕ ਇਮੀਗ੍ਰੇਸ਼ਨ ਕੰਟਰੋਲਰ ਮੁਹੰਮਦ ਅਨਵਰ ਨੇ ਕਿਹਾ ਕਿ ਮਾਲਦੀਵ ਇਮੀਗ੍ਰੇਸ਼ਨ ਅਧਿਕਾਰੀ ਆਪਣੀ ਡਿਊਟੀ ਦਾ ਪਾਲਣ ਕਰਦੇ ਹੋਏ ਭੇਦਭਾਵ ਨਹੀਂ ਕਰ ਸਕਦੇ ਤੇ ਅਧਿਕਾਰੀ ਦੇਸ਼ ਦੇ ਨਿਯਮਾਂ ਦੇ ਮੁਤਾਬਕ ਭਾਰਤੀ ਨਾਗਰਿਕਾਂ ਨੂੰ ਵਰਕ ਪਰਮਿਟ ਤੇ ਵੀਜ਼ਾ ਦੇਣਾ ਜਾਰੀ ਰੱਖਣਗੇ। ਇਹ ਟਿੱਪਣੀ ਉਨ੍ਹਾਂ ਮੀਡੀਆ ਖਬਰਾਂ ਤੋਂ ਬਾਅਦ ਆਈ ਹੈ, ਜਿਨ੍ਹਾਂ ‘ਚ ਮਾਲਦੀਵ ਇਮੀਗ੍ਰੇਸ਼ਨ ਵਿਭਾਗ ਨੇ ਦੇਸ਼ ‘ਚ ਕੰਮ ਕਰ ਰਹੇ ਭਾਰਤੀ ਨਾਗਰਿਕਾਂ ਦੇ ਵੀਜ਼ਾ ਦੇ ਨਵੀਨੀਕਰਨ ਤੇ ਵਰਕ ਪਰਮਿਟ ਤੋਂ ਇਨਕਾਰ ਕਰ ਦਿੱਤਾ ਸੀ। ਅਨਵਰ ਨੇ ਐਤਵਾਰ ਨੂੰ ਕਿਹਾ ਕਿ ਅਸੀਂ ਭਾਰਤੀ ਨਾਗਰਿਕਾਂ ਨੂੰ ਵਰਕ ਪਰਮਿਟ, ਵਿਜ਼ਟਰ ਵੀਜ਼ਾ ਤੇ ਵਪਾਰਕ ਵੀਜ਼ਾ ਜਾਰੀ ਕਰਦੇ ਆ ਰਹੇ ਹਾਂ ਤੇ ਸਾਡੇ ਨਿਯਮਾਂ ਦੇ ਤਹਿਤ ਅਜਿਹਾ ਕਰਨਾ ਜਾਰੀ ਰੱਖਾਂਗੇ। ਪੱਤਰਕਾਰ ਏਜੰਸੀ ਦੇ ਮੁਤਾਬਕ ਦੇਸ਼ ਦੇ ਕੁਝ ਪ੍ਰਮੁੱਖ ਰਿਜ਼ਾਰਟਜ਼ ਨੇ ਕਥਿਤ ਰੂਪ ਨਾਲ ਨੌਕਰੀਆਂ ਦੇ ਆਪਣੇ ਵਿਗਿਆਪਨਾਂ ‘ਚ ‘ਭਾਰਤੀਆਂ ਨੂੰ ਅਪਲਾਈ ਕਰਨ ਦੀ ਲੋੜ ਨਹੀਂ ਹੈ’ ਦਾ ਜ਼ਿਕਰ ਕੀਤਾ ਹੋਇਆ ਸੀ। ਇਹ ਸਿਲਸਿਲਾ ਮਾਲਦੀਵ ਦੇ ਕਥਿਤ ਰੂਪ ਨਾਲ ਉਨ੍ਹਾਂ ਨੂੰ ਵਰਕ ਪਰਮਿਟ ਨਹੀਂ ਦੇਣ ਤੋਂ ਬਾਅਦ ਸ਼ੁਰੂ ਹੋਇਆ ਸੀ। ਇਸ ‘ਚ ਇਹ ਕਿਹਾ ਗਿਆ ਸੀ ਕਿ ਮਾਲਦੀਵ ‘ਚ ਕੁਝ ਵਿਦੇਸ਼ੀ ਭਰਤੀ ਏਜੰਸੀਆਂ ਨੇ ਹਾਲ ਹੀ ‘ਚ ਭਾਰਤੀ ਨਾਗਰਿਕਾਂ ਦੇ ਲਈ ਵਰਕ ਪਰਮਿਟ ਹਾਸਲ ਕਰਨ ‘ਚ ਕੁਝ ਸਮੱਸਿਆਵਾਂ ‘ਤੇ ਸਹਿਮਤੀ ਵਿਅਕਤ ਕੀਤੀ ਹੈ।

