ਦੁਬਈ, 04 ਫਰਵਰੀ (ਪ੍ਰੈਸ ਕੀ ਤਾਕਤ ਬਿਊਰੋ):- ਭਾਰਤੀ ਟੀਮ ਦੇ ਸਲਾਮੀ ਬੱਲੇਬਾਜ਼ ਕੇ.ਐਲ. ਰਾਹੁਲ ਨੇ ਨਿਊਜ਼ੀਲੈਂਡ ਿਖ਼ਲਾਫ਼ 5-0 ਜਿੱਤੀ ਲੜੀ ‘ਚ ਸ਼ਾਨਦਾਰ ਪ੍ਰਦਰਸ਼ਨ ਕੀਤਾ | ਜਿਸ ਨਾਲ ਅੱਜ ਤਾਜ਼ਾ ਜਾਰੀ ਹੋਈ ਆਈ.ਸੀ.ਸੀ. ਟੀ-20 ਅੰਤਰਰਾਸ਼ਟਰੀ ਦਰਜਾਬੰਦੀ ‘ਚ ਕੇ.ਐਲ ਰਾਹੁਲ 4 ਸਥਾਨ ਉੱਪਰ ਆਉਂਦੇ ਹੋਏ 823 ਅੰਕਾਂ ਨਾਲ ਦੂਜੇ ਸਥਾਨ ‘ਤੇ ਪਹੁੰਚ ਗਿਆ ਹੈ ਤੇ ਆਸਟ੍ਰੇਲੀਆਈ ਕਪਤਾਨ ਅੇਰੋਨ ਫਿੰਚ ਤੀਸਰੇ ਸਥਾਨ ‘ਤੇ ਖਿਸਕ ਗਏ ਹਨ | ਨਿਊਜ਼ੀਲੈਂਡ ‘ਚ ਖੇਡੀ ਗਈ 5 ਮੈਚਾਂ ਦੀ ਟੀ-20 ਲੜੀ ‘ਚ ਕੇ.ਐਲ.ਰਾਹੁਲ ਨੇ 244 ਦੌੜਾਂ ਬਣਾਈਆਂ ਜਿਸ ਲਈ ਉਸ ਨੂੰ ‘ਮੈਨ ਆਫ਼ ਦਿ ਸੀਰੀਜ਼’ ਪੁਰਸਕਾਰ ਵੀ ਦਿੱਤਾ ਗਿਆ | ਇਸ ਲੜੀ ‘ਚ ਭਾਰਤੀ ਖਿਡਾਰੀਆਂ ਨੂੰ ਕਾਫ਼ੀ ਲਾਭ ਹੋਇਆ ਹੈ | ਕੇ.ਐਲ ਰਾਹੁਲ ਦੇ ਨਾਲ-ਨਾਲ ਰੋਹਿਤ ਸ਼ਰਮਾ, ਜਸਪ੍ਰੀਤ ਬੁਮਰਾਹ, ਸ਼੍ਰੇਅਸ ਅਈਅਰ ਤੇ ਮਨੀਸ਼ ਪਾਂਡੇ ਨੇ ਵੀ ਆਪਣੀ ਦਰਜਾਬੰਦੀ ਸੂਚੀ ‘ਚ ਸੁਧਾਰ ਕੀਤਾ ਹੈ | ਭਾਰਤੀ ਟੀਮ ਦੇ ਉਪ ਕਪਤਾਨ ਰੋਹਿਤ ਸ਼ਰਮਾ ਨੂੰ ਇਸ ਦਰਜਾਬੰਦੀ ‘ਚ ਤਿੰਨ ਸਥਾਨ ਦਾ ਫ਼ਾਇਦਾ ਹੋਇਆ ਹੈ ਤੇ ਉਹ ਦੁਨੀਆ ਦੇ ਸਿਖਰਲੇ10 ਬੱਲੇਬਾਜ਼ਾਂ ਦੀ ਸੂਚੀ ‘ਚ ਸ਼ਾਮਿਲ ਹੋ ਗਏ ਹਨ | ਉੱਥੇ ਹੀ ਭਾਰਤੀ ਕਪਤਾਨ ਵਿਰਾਟ ਕੋਹਲੀ 9ਵੇਂ ਸਥਾਨ ‘ਤੇ ਬਣੇ ਹੋਏ ਹਨ | ਇਸ ਨਾਲ ਦੁਨੀਆ ਦੇ ਚੋਟੀ ਦੇ 10 ਬੱਲੇਬਾਜ਼ਾਂ ‘ਚੋਂ ਤਿੰਨ ਬੱਲੇਬਾਜ਼ ਭਾਰਤੀ ਟੀਮ ਦੇ ਹਨ | ਇਸ ਦਰਜਾਬੰਦੀ ਸੂਚੀ ‘ਚ ਗੇਂਦਬਾਜ਼ਾਂ ਦੀ ਗੱਲ ਕੀਤੀ ਜਾਵੇ ਤਾਂ ਜਸਪ੍ਰੀਤ ਬੁਮਰਾਹ 26 ਸਥਾਨ ਉੱਪਰ ਆਉਂਦੇ ਹੋਏ 11ਵੇਂ ਸਥਾਨ ‘ਤੇ ਪਹੁੰਚ ਗਏ ਹਨ ਤੇ ਯੁਜਵੇਂਦਰ ਚਹਿਲ 10 ਸਥਾਨ ਉੱਪਰ ਆਉਂਦੇ ਹੋਏ 30ਵੇਂ ਤੇ ਸ਼ਾਰਦੁਲ ਠਾਕੁਰ ਨੇ ਇਸ ਲੜੀ ‘ਚ 8 ਵਿਕਟਾਂ ਹਾਸਲ ਕੀਤੀਆਂ ਜਿਸ ਨਾਲ ਉਹ 34 ਸਥਾਨ ਉੱਪਰ ਆਉਂਦੇ ਹੋਏ 57ਵੇਂ ਸਥਾਨ ‘ਤੇ ਆ ਗਏ ਹਨ | ਨਵਦੀਪ ਸੈਣੀ 25 ਸਥਾਨ ਉੱਪਰ ਆਉਂਦੇ 71ਵੇਂ ਤੇ ਯੁਜਵੇਂਦਰ ਚਹਿਲ 34 ਸਥਾਨ ਉੱਪਰ ਆਉਂਦੇ ਹੋਏ 76ਵੇਂ ਸਥਾਨ ‘ਤੇ ਪਹੁੰਚੇ ਹਨ | ਹਾਲਾਂਕਿ ਸਿਖਰਲੇ 10 ਗੇਂਦਬਾਜ਼ਾਂ ਦੀ ਸੂਚੀ ‘ਚ ਭਾਰਤ ਦਾ ਕੋਈ ਵੀ ਗੇਂਦਬਾਜ਼ ਸ਼ਾਮਿਲ ਨਹੀਂ ਹੈ | ਪਾਕਿਸਤਾਨ ਦੇ ਬੱਲੇਬਾਜ਼ ਬਾਬਰ ਆਜ਼ਮ ਟੀ-20 ਦਰਜਾਬੰਦੀ ਦੇ ਸਿਖਰਲੇ ਸਥਾਨ ‘ਤੇ ਬਣੇ ਹੋਏ ਹਨ | ਇੰਗਲੈਂਡ ਦੇ ਡੇਵਿਡ ਸਲਾਨ 2 ਸਥਾਨ ਨਿੱਚੇ ਖਿਸਕਦੇ ਹੋਏ ਪੰਜਵੇਂ ਤੇ ਆਸਟ੍ਰੇਲੀਆਈ ਕ੍ਰਿਕਟਰ ਗਲੇਨ ਮੈਕਸਵੇਲ 1 ਸਥਾਨ ਹੇਠਾਂ ਖਿਸਕਦੇ ਹੋਏ 6ਵੇਂ ਸਥਾਨ ‘ਤੇ ਪਹੁੰਚ ਗਏ ਹਨ | ਨਿਊਜ਼ੀਲੈਂਡ ਦੇ ਕੋਲਿਨ ਮੁਨਰੋ ਚੌਥੇ, ਵੇਸਟਇੰਡੀਜ਼ ਦੇ ਏਵਨ ਲੁਇਸ 7ਵੇਂ ਤੇ ਅਫ਼ਗਾਨੀਸਥਾਨ ਦੇ ਹਜਰਤੁਲਾਹ ਜਜਈ 8ਵੇਂ ਸਥਾਨ ‘ਤੇ ਬਣੇ ਹੋਏ ਹਨ | ਉੱਥੇ ਹੀ ਨਿਊਜ਼ੀਲੈਂਡ ਦੇ ਟਿਮ ਸਿਫ਼ਰਟ ਨੂੰ ਬੱਲੇਬਾਜ਼ਾਂ ਦੀ ਸੂਚੀ ‘ਚ 43 ਸਥਾਨਾਂ ਦਾ ਫ਼ਾਇਦਾ ਹੋਇਆ ਹੈ ਤੇ ਉਹ 34ਵੇਂ ਸਥਾਨ ‘ਤੇ ਪਹੁੰਚ ਗਏ ਹਨ |

