ਵਾਸ਼ਿੰਗਟਨ – ਅਮਰੀਕੀ ਫਰਸਟ ਲੇਡੀ ਮੇਲਾਨੀਆ ਟਰੰਪ ਨੇ ਅਪੀਲ ਕੀਤੀ ਹੈ ਕਿ ਟਰੰਪ ਪ੍ਰਸ਼ਾਸਨ ਦੇ ਉਸ ਫੈਸਲੇ ਨੂੰ ਖਤਮ ਕਰ ਦਿੱਤਾ ਜਾਣਾ ਚਾਹੀਦਾ ਹੈ, ਜਿਸ ਦੇ ਤਹਿਤ ਅਮਰੀਕੀ ਸਰਹੱਦ ‘ਤੇ ਪ੍ਰਵਾਸੀ ਬੱਚਿਆਂ ਨੂੰ ਉਨ੍ਹਾਂ ਦੇ ਮਾਤਾ-ਪਿਤਾ ਤੋਂ ਵੱਖ ਕਰ ਦਿੱਤਾ ਜਾਂਦਾ ਹੈ। ਟਰੰਪ ਪ੍ਰਸ਼ਾਸਨ ਦੇ ਇਸ ਫੈਸਲੇ ਦਾ ਵਿਰੋਧ ਨਾ ਸਿਰਫ ਡੈਮੋਕੇਟਿਕ ਪਾਰਟੀ ਸਗੋਂ ਰਿਪਬਲੀਕਨ ਪਾਰਟੀ ਦੇ ਲੋਕ ਵੀ ਕਰਦੇ ਆਏ ਹਨ। ਟਰੰਪ ਨੇ ਕਿਹਾ ਕਿ ਉਹ ਖੁਦ ਵੀ ਇਸ ਨੂੰ ਖਤਮ ਕਰਨਾ ਚਾਹੁੰਦੇ ਹਨ ਪਰ ਉਨ੍ਹਾਂ ਨੇ ਇਸ ਫੈਸਲੇ ਲਈ ਡੈਮੋਕ੍ਰੇਟਸ ਨੂੰ ਜ਼ਿੰਮੇਦਾਰ ਠਹਿਰਾਇਆ। ਉਂਝ ਤਾਂ ਡੋਨਾਲਡ ਟਰੰਪ ਦੀ ਪਤਨੀ ਰਾਜਨੀਤਕ ਮੁੱਦਿਆਂ ਤੋਂ ਦੂਰ ਹੀ ਰਹਿੰਦੀ ਹੈ ਪਰ ਇਸ ਸਮੱਸਿਆ ਦਾ ਹੱਲ ਕੱਢਣ ਲਈ ਉਨ੍ਹਾਂ ਨੇ ਦੋਵਾਂ ਪਾਰਟੀਆਂ ਨੂੰ ਇਕੱਠੇ ਮਿਲ ਕੇ ਕੰਮ ਕਰਨ ਨੂੰ ਕਿਹਾ। ਮੇਲਾਨੀਆ ਟਰੰਪ ਦੇ ਸਕੱਤਰ ਸਟੈਫਨੀ ਗ੍ਰਿਸ਼ਮ ਨੇ ਦੱਸਿਆ ਕਿ, ‘ਸ਼੍ਰੀਮਤੀ ਟਰੰਪ ਨੂੰ ਪਸੰਦ ਨਹੀਂ ਹੈ ਕਿ ਬੱਚਿਆਂ ਨੂੰ ਉਨ੍ਹਾਂ ਦੇ ਪਰਿਵਾਰ ਤੋਂ ਵੱਖ ਕੀਤਾ ਜਾਏ ਅਤੇ ਉਹ ਉਮੀਦ ਕਰਦੀ ਹੈ ਕਿ ਜਲਦੀ ਹੀ ਦੋਵੇਂ ਪਾਰਟੀਆਂ ਇਕੱਠੇ ਮਿਲ ਕੇ ਇਮੀਗ੍ਰੇਸ਼ਨ ਨੀਤੀ ਬਣਾ ਲੈਣਗੀਆਂ। ਉਨ੍ਹਾਂ ਦਾ ਮੰਨਣਾ ਹੈ ਕਿ ਸਾਰੇ ਨਿਯਮਾਂ ਦਾ ਪੂਰੀ ਤਰ੍ਹਾਂ ਨਾਲ ਪਾਲਣ ਹੋਣਾ ਚਾਹੀਦਾ ਹੈ ਪਰ ਸਾਨੂੰ ਦਿਲ ਤੋਂ ਵੀ ਕੰਮ ਲੈਣਾ ਚਾਹੀਦਾ ਹੈ। ਹਾਲ ਹੀ ਵਿਚ ਸਰਕਾਰ ਨੇ ਦੱਸਿਆ ਕਿ ਪਿਛਲੇ ਕਰੀਬ 6 ਹਫਤਿਆਂ ਵਿਚ ਕਰੀਬ 2000 ਬੱਚਿਆਂ ਨੂੰ ਉਨ੍ਹਾਂ ਦੇ ਮਾਤਾ-ਪਿਤਾ ਤੋਂ ਵੱਖ ਕਰ ਦਿੱਤਾ ਗਿਆ। ਇਹ ਗਿਣਤੀ ਮਈ ਦੇ ਪਹਿਲੇ ਹਫਤੇ ਤੋਂ ਹੋਰ ਵੀ ਵਧ ਗਈ, ਜਦੋਂ ਅਟਾਰਨੀ ਜਨਰਲ ਜੈਫ ਸੇਸ਼ਨ ਨੇ ਘੋਸ਼ਣਾ ਕੀਤੀ ਕਿ ਜੋ ਵੀ ਮੈਕਸੀਕੋ ਵਲੋਂ ਸਰਹੱਦ ਪਾਰ ਕਰੇਗਾ, ਉਸ ਨੂੰ ਗ੍ਰਿਫ਼ਤਾਰ ਕਰ ਲਿਆ ਜਾਏਗਾ। ਚਾਹੇ ਉਹ ਸ਼ਰਨ ਹੀ ਕਿਉਂ ਨਾ ਚਾਹ ਰਿਹਾ ਹੋਵੇ।
