ਲਾਹੌਰ – ਪਾਕਿਸਤਾਨ ਦੇ ਰਾਸ਼ਟਰਪਤੀ ਮਮਨੂਨ ਹੁਸੈਨ ਨੇ ਅੱਜ ਇਕ ਮਹੱਤਵਪੂਰਨ ਸੰਵਿਧਾਨਕ ਸੋਧ ਬਿੱਲ ’ਤੇ ਹਸਤਾਖ਼ਰ ਕਰ ਦਿੱਤੇ ਜਿਸ ਨਾਲ ਅਫ਼ਗਾਨਿਸਤਾਨ ਦੀ ਸੀਮਾ ਨਾਲ ਲੱਗਦੇ ਅਸ਼ਾਂਤ ਕਬਾਇਲੀ ਇਲਾਕਿਆਂ ਦਾ ਉੱਤਰ ਪੱਛਮੀ ਸੂਬੇ ਖ਼ੈਬਰ ਪਖ਼ਤੂਨਖ਼ਵਾ ਨਾਲ ਰਲੇਵਾਂ ਹੋ ਗਿਆ ਅਤੇ ਇਸ ਦੇ ਨਾਲ ਹੀ ਬਰਤਾਨਵੀ ਯੁੱਗ ਦੀ 150 ਸਾਲ ਪੁਰਾਣੀ ਵਿਵਸਥਾ ਦਾ ਅੰਤ ਹੋ ਗਿਆ। ਬਿੱਲ ਨੂੰ ਰਾਸ਼ਟਰਪਤੀ ਕੋਲ ਮਨਜ਼ੂਰੀ ਲਈ ਭੇਜੇ ਜਾਣ ਤੋਂ ਪਹਿਲਾਂ ਨੈਸ਼ਨਲ ਅਸੈਂਬਲੀ, ਸੈਨੇਟ ਅਤੇ ਖ਼ੈਬਰ ਪਖ਼ਤੂਨਖਵਾ ਦੀ ਵਿਧਾਨ ਸਭਾ ਵਿੱਚ ਪਾਸ ਕੀਤਾ ਗਿਆ। ਜੀਓ ਟੀਵੀ ਅਨੁਸਾਰ ਬਿੱਲ ’ਤੇ ਹਸਤਾਖ਼ਰ ਕਰਨ ਤੋਂ ਬਾਅਦ ਰਾਸ਼ਟਰਪਤੀ ਨੇ ਸੰਘ ਸ਼ਾਸਤ ਕਬਾਇਲੀ ਇਲਾਕਿਆਂ (ਫਾਟਾ) ਅਤੇ ਖ਼ੈਬਰ ਪਖ਼ਤੂਨਖ਼ਵਾ ਦੇ ਲੋਕਾਂ ਨੂੰ ਵਧਾਈ ਦਿੱਤੀ। ਬਿੱਲ ਵਿੱਚ ਪਾਕਿਸਤਾਨੀ ਸੰਘ ਦੇ ਖੇਤਰ ਨੂੰ ਪਰਿਭਾਸ਼ਤ ਕਰਨ ਵਾਲੇ ਆਰਟੀਕਲ-1 ਸਹਿਤ ਸੰਵਿਧਾਨ ਦੇ ਕਈ ਆਰਟੀਕਲਾਂ ਵਿੱਚ ਸੋਧ ਕੀਤੀ ਗਈ। ਨੈਸ਼ਨਲ ਅਸੈਂਬਲੀ ਵਿੱਚ ਬਿੱਲ ਨੂੰ ਪਾਸ ਕਰਾਉਣ ਲਈ ਆਮ ਸਹਿਮਤੀ ਬਣਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਣ ਵਾਲੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਿਦ ਖ਼ਕਾਨ ਅੱਬਾਸੀ ਨੇ ਕਿਹਾ ਕਿ ਇਸ ਨਾਲ ਕਬਾਇਲੀ ਇਲਾਕਿਆਂ ਵਿੱਚ 150 ਸਾਲ ਪੁਰਾਣੀ ਵਿਵਸਥਾ ਬਦਲ ਜਾਵੇਗੀ। ਬਿ੍ਟਿਸ਼ ਸ਼ਾਸਨ ਨੇ ਅਫ਼ਗਾਨਿਸਤਾਨ ਨਾਲ ਸਿੱਧੇ ਸੰਘਰਸ਼ ਤੋਂ ਬਚਣ ਲਈ ਬਫਰ ਜ਼ੋਨ ਦੇ ਰੂਪ ਵਿੱਚ ਅਰਧ ਖ਼ੁਦਮੁਖ਼ਤਿਆਰ ਕਬਾਇਲੀ ਇਲਾਕੇ ਦੀ ਸਥਾਪਨਾ ਕੀਤੀ ਸੀ। ਇਸ ’ਚੋਂ ਸੱਤ ਜ਼ਿਲ੍ਹੇ ਬਜੌਰ, ਖੈਬਰ, ਕੁਰੱਮ, ਮੁਹੰਮਦ, ਉੱਤਰੀ ਵਜ਼ੀਰਿਸਤਾਨ, ਓੜਕਜਈ ਅਤੇ ਦੱਖਣੀ ਵਜੀਰਿਸਤਾਨ ਸ਼ਾਮਲ ਹਨ। ਇਹ ਇਲਾਕਾ ਅਫ਼ਗਾਨਿਸਤਾਨ ਦੀ ਸੀਮਾ ਨਾਲ ਲੱਗਦਾ ਹੈ। ਇਨ੍ਹਾਂ ਸੱਤ ਜ਼ਿਲ੍ਹਿਆਂ ਵਿੱਚ ਲਗਪਗ 80 ਲੱਖ ਲੋਕ ਰਹਿੰਦੇ ਹਨ ਜਿਨ੍ਹਾਂ ’ਚ ਜ਼ਿਆਦਾਤਰ ਪਸ਼ਤੂਨ ਹਨ। ਪਾਕਿ ਬਲਾਂ ਨੇ ਇਸ ਖੇਤਰ ਨੂੰ ਅਤਿਵਾਦੀਆਂ ਤੋਂ ਮੁਕਤ ਕਰਾਉਣ ਲਈ ਕਈ ਵਾਰ ਸੈਨਿਕ ਕਾਰਵਾਈ ਕੀਤੀ ਹੈ।
