ਆਮ ਆਦਮੀ ਪਾਰਟੀ ਭਲਕ ਤੋਂ ਦਿੱਲੀ ਵਿੱਚ ‘ਮੈਂ ਵੀ ਕੇਜਰੀਵਾਲ’ ਦਸਤਖ਼ਤ ਮੁਹਿੰਮ ਸ਼ੁਰੂ ਕਰਨ ਜਾ ਰਹੀ ਹੈ। ਇਹ ਮੁਹਿੰਮ 1 ਤੋਂ 20 ਦਸੰਬਰ ਤੱਕ ਚੱਲੇਗੀ, ਜਿਸ ਵਿੱਚ ਦਿੱਲੀ ਦੇ ਲੋਕਾਂ ਨੂੰ ਪੁੱਛਿਆ ਜਾਵੇਗਾ ਕਿ ਜੇਕਰ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਮੋਦੀ ਸਰਕਾਰ ਵੱਲੋਂ ਝੂਠਾ ਕੇਸ ਬਣਾ ਕੇ ਗ੍ਰਿਫ਼ਤਾਰ ਕੀਤਾ ਜਾਂਦਾ ਹੈ ਤਾਂ ਕੀ ਉਨ੍ਹਾਂ ਨੂੰ ਅਸਤੀਫ਼ਾ ਦੇਣਾ ਚਾਹੀਦਾ ਹੈ ਜਾਂ ਜੇਲ੍ਹ ’ਚੋਂ ਹੀ ਦਿੱਲੀ ਸਰਕਾਰ ਚਲਾਉਣੀ ਚਾਹੀਦੀ ਹੈ। ਇਸ ਮੁਹਿੰਮ ਵਿੱਚ ਦਿੱਲੀ ਸਰਕਾਰ ਦੇ ਮੰਤਰੀ, ਪਾਰਟੀ ਦੇ ਵਿਧਾਇਕ, ਕੌਂਸਲਰ ਅਤੇ ਅਧਿਕਾਰੀ ਦਿੱਲੀ ਦੇ 2600 ਪੋਲਿੰਗ ਸਟੇਸ਼ਨਾਂ ਵਿੱਚ ਘਰ-ਘਰ ਜਾ ਕੇ ਲੋਕਾਂ ਨਾਲ ਗੱਲਬਾਤ ਕਰ ਕੇ ਉਨ੍ਹਾਂ ਦੀ ਰਾਏ ਜਾਣਨਗੇ। ‘ਆਪ’ ਦੇ ਦਿੱਲੀ ਪ੍ਰਦੇਸ਼ ਕਨਵੀਨਰ ਗੋਪਾਲ ਰਾਏ ਨੇ ਅੱਜ ਪਾਰਟੀ ਦੇ ਮੁੱਖ ਦਫ਼ਤਰ ’ਚ ਪ੍ਰੈੱਸ ਕਾਨਫਰੰਸ ਕਰ ਕੇ ਇਹ ਜਾਣਕਾਰੀ ਦਿੱਤੀ ਹੈ, ਉਨ੍ਹਾਂ ਨਾਲ ਰਾਜ ਸਭਾ ਮੈਂਬਰ ਰਾਘਵ ਚੱਢਾ ਵੀ ਮੌਜੂਦ ਸਨ। ਉਨ੍ਹਾਂ ਕਿਹਾ ਕਿ ਮੋਦੀ ਜੀ ਨੇ ਝੂਠਾ ਕੇਸ ਬਣਾ ਕੇ ਮਨੀਸ਼ ਸਿਸੋਦੀਆ, ਸਤਿੰਦਰ ਜੈਨ ਅਤੇ ਸੰਜੈ ਸਿੰਘ ਨੂੰ ਜੇਲ੍ਹ ਭੇਜਿਆ ਹੈ। ਇਸ ਤੋਂ ਬਾਅਦ ਵੀ ਭਾਜਪਾ ‘ਆਪ’ ਨੂੰ ਤੋੜ ਨਹੀਂ ਸਕੀ, ਇਸ ਲਈ ਹੁਣ ਅਰਵਿੰਦ ਕੇਜਰੀਵਾਲ ਨੂੰ ਗ੍ਰਿਫ਼ਤਾਰ ਕਰਨ ਦੀ ਸਾਜ਼ਿਸ਼ ਰਚੀ ਜਾ ਰਹੀ ਹੈ। ਇਸ ਮੌਕੇ ਰਾਘਵ ਚੱਢਾ ਨੇ ਕਿਹਾ ਕਿ ਭਾਜਪਾ ਪੂਰੇ ਦੇਸ਼ ਵਿੱਚ ਸਿਰਫ਼ ਅਰਵਿੰਦ ਕੇਜਰੀਵਾਲ ਨੂੰ ਹੀ ਆਪਣੀ ਚੁਣੌਤੀ ਮੰਨਦੀ ਹੈ। ਉਨ੍ਹਾਂ ਕਿਹਾ ਕਿ ਭਾਜਪਾ ਨੂੰ ਲੱਗਦਾ ਹੈ ਕਿ ਜੇਕਰ ਉਹ ਅਰਵਿੰਦ ਕੇਜਰੀਵਾਲ ਨੂੰ ਫਰਜ਼ੀ ਕੇਸ ’ਚ ਗ੍ਰਿਫਤਾਰ ਕਰਨ ’ਚ ਸਫਲ ਹੋ ਜਾਂਦੀ ਹੈ ਤਾਂ ਦਿੱਲੀ ਸਰਕਾਰ ਵਿੱਚ ਰੁਕਾਵਟ ਆ ਜਾਵੇਗੀ।