ਜਲੰਧਰ -ਖਾੜੀ ਮੁਲਕਾਂ ਵਿੱਚ ਇਕ ਭਾਰਤੀ ਅਤੇ ਇਕ ਪਾਕਿਸਤਾਨੀ ਨਾਗਰਿਕ ਦੀ ਹੱਤਿਆ ਦੇ ਦੋ ਵੱਖ ਵੱਖ ਮਾਮਲਿਆਂ ਵਿੱਚ ਫਾਂਸੀ ਦੀ ਸਜਾ-ਯਾਫਤਾ 15 ਭਾਰਤੀ ਕੈਦੀ, ਉੱਘੇ ਸਮਾਜ ਸੇਵਕ ਅਤੇ ਲੋਕ ਸੇਵਾ ਦੇ ਖੇਤਰ ਵਿੱਚ ਸਰਗਰਮ ਸੰਸਥਾ ਸਰਬੱਤ ਦਾ ਭਲਾ ਚੈਰੀਟੇਬਕ ਟਰੱਸਟ ਦੇ ਮੁਖੀ ਡਾ: ਐਸ.ਪੀ. ਸਿੰਘ ਓਬਰਾਏ ਦੇ ਮਿਸਾਲੀ ਯਤਨਾਂ ਸਦਕਾ ਮੌਤ ਦੇ ਮੂੰਹੋਂ ਬਚਕੇ ਸਜਾ ਮੁਆਫ ਉਪਰੰਤ 14 ਨੌਜੁਆਨ ਸੁੱਖੀ ਸਾਂਦੀ ਆਪਣੇ ਘਰਾਂ ਨੂੰ ਪਰਤ ਆਏ ਜਦਕਿ ਧਰਮਵੀਰ ਸਿੰਘ ਨਾਮੀਂ ਇਕ ਨੌਜੁਆਨ ਕਨੂੰਨੀ ਪ੍ਰਕਿਰਿਆ ਮੁਕੰਮਲ ਹੋਣ ਉਪਰੰਤ ਆਉਂਦੇ ਕੁਝ ਦਿਨਾਂ ਤੱਕ ਵਤਨ ਪਰਤ ਆਵੇਗਾ।
ਇੰਨਾਂ 15 ਭਾਰਤੀ ਨੌਜੁਆਨਾਂ ਵਿੱਚ 1 ਬਿਹਾਰ ਦਾ ਅਤੇ ਬਾਕੀ 14 ਪੰਜਾਬ ਸੂਬੇ ਦੇ ਰਹਿਣ ਵਾਲੇ ਹਨ। ਅੱਜ ਜਲੰਧਰ ਵਿਖੇ ਇੰਨਾਂ ਬਚਕੇ ਆਏ ਨੌਜੁਆਨਾਂ ਨੂੰ ਪੱਤਰਕਾਰਾਂ ਦੇ ਰੂ-ਬ-ਰੂ ਕਰਦਿਆਂ ਡਾ: ਓਬਰਾਏ ਨੇ ਦੱਸਿਆ ਕਿ ਇਹ ਦੋਵੇਂ ਮਾਮਲੇ ਸ਼ਾਰਜਾਹ ਅਤੇ ਅਲ-ਏਨ ਵਿਖੇ ਦਰਜ ਹੋਏ ਸਨ ਜਿੰਨ੍ਹਾਂ ਵਿੱਚ ਅਦਾਲਤਾਂ ਨੇ ਕੁੱਲ 15 ਭਾਰਤੀ ਨੌਜੁਆਨਾਂ ਨੂੰ ਦੋਸ਼ੀ ਮੰਨਦਿਆਂ ਫਾਂਸੀ ਦੀ ਸਜਾ ਸੁਣਾਈ ਸੀ, ਉਨ੍ਹਾਂ ਦੱਸਿਆ ਕਿ ਪਹਿਲਾ ਮਾਮਲਾ ਨਵੰਬਰ 2011 ਵਿੱਚ ਸ਼ਾਰਜਾਹ ਵਿਖੇ ਯੂ.ਪੀ. ਦੇ ਜ਼ਿਲ੍ਹਾ ਆਜਮਗੜ੍ਹ ਦੇ ਪਿੰਡ ਸ਼ੇਖਾਪੁਰਾ ਦੇ 38 ਸਾਲਾ ਨੌਜੁਆਨ ਵਿਰੇਂਦਰਾ ਚੌਹਾਨ ਦੇ ਕਤਲ ਦਾ ਸੀ ਜਿਸ ਵਿੱਚ ਛਪਰਾ (ਬਿਹਾਰ) ਵਾਸੀ ਧਰਮੇਂਦਰ ਕੁਮਾਰ, ਪੰਜਾਬ ਦੇ ਅਜਨਾਲਾ (ਅੰਮ੍ਰਿਤਸਰ) ਹਰਵਿੰਦਰ ਸਿੰਘ, ਜਿਨਸਰਾ (ਨਵਾਂਸ਼ਹਿਰ) ਦੇ ਰਣਜੀਤ ਸਿੰਘ, ਮਹਿਲਪੁਰ (ਹੁਸ਼ਿਆਰਪੁਰ) ਦਲਵਿੰਦਰ ਸਿੰਘ ਅਤੇ ਜੱਸੋਮਾਜਰਾ (ਪਟਿਆਲਾ) ਦੇ ਸੁੱਚਾ ਸਿੰਘ ਨੂੰ ਦੋਸ਼ੀ ਕਰਾਰ ਦਿਤਾ ਗਿਆ ਸੀ। ਦੂਸਰਾ ਮਾਮਲਾ ਅਲਏਨ ਸ਼ਹਿਰ ਵਿਖੇ ਜੁਲਾਈ 2015 ਵਿੱਚ ਮਾਰੇ ਗਏ ਪਿਸ਼ਾਵਰ (ਪਾਕਿਸਤਾਨ) ਵਾਸੀ ਮੁਹੰਮਦ ਫਰਹਾਨ ਦਾ ਸੀ ਜਿਸ ਵਿੱਚ 10 ਪੰਜਾਬੀ ਨੌਜੁਆਨਾਂ ਨੂੰ ਦੋਸ਼ੀ ਮੰਨਦਿਆਂ ਅਲਏਨ ਅਦਾਲਤ ਨੇ 2016 ਵਿੱਚ ਫਾਂਸੀ ਦੀ ਸਜਾ ਸੁਣਾਈ ਸੀ। ਇੰਨ੍ਹਾਂ ਵਿੱਚ ਠੀਕਰੀਵਾਲ (ਬਰਨਾਲਾ) ਦੇ ਸਤਮਿੰਦਰ ਸਿੰਘ, ਨਵਾਂਸ਼ਹਿਰ ਦੇ ਚੰਦਰ ਸ਼ੇਖਰ, ਮਲੇਰਕੋਟਲਾ (ਸੰਗਰੂਰ) ਚਮਕੌਰ ਸਿੰਘ, ਲੁਧਿਆਣਾ ਦੇ ਕੁਲਵਿੰਦਰ ਸਿੰਘ, ਪਿੰਡ ਚਿਲਾਂਗ ਦੇ ਬਲਵਿੰਦਰ ਸਿੰਘ, ਸਮਰਾਲਾ ਦਾ ਧਰਮਵੀਰ ਸਿੰਘ, ਮੋਹਾਲੀ ਦਾ ਹਰਜਿੰਦਰ ਸਿੰਘ, ਮੁੱਧ (ਅੰਮ੍ਰਿਤਸਰ) ਦਾ ਤਰਸੇਮ ਸਿੰਘ, ਪਟਿਆਲਾ ਦੇ ਗੁਰਪ੍ਰੀਤ ਸਿੰਘ, ਗੁਰਦਾਸਪੁਰ ਦਾ ਜਗਜੀਤ ਸਿੰਘ ਅਤੇ ਤਰਨਤਾਰਨ ਦਾ ਕੁਲਦੀਪ ਸਿੰਘ ਸ਼ਾਮਿਲ ਸੀ। ਡਾ: ਓਬਰਾਏ ਨੇ ਦੱਸਿਆ ਕਿ ਇੰਨ੍ਹਾਂ ਮੁਕੱਦਮਿਆਂ ਵਿੱਚ ਫਸੇ ਨੌਜੁਆਂਨਾਂ ਦੇ ਪਰਿਵਾਰਾਂ ਵਲੋਂ ਉਨ੍ਹਾਂ ਨਾਲ ਸੰਪਰਕ ਕੀਤੇ ਜਾਣ ਤੋਂ ਬਾਅਦ ਉਨ੍ਹਾਂ ਨੇ ਮ੍ਰਿਤਕ ਭਾਰਤੀ ਨੌਜੁਆਨ ਵਿਰੇਂਦਰ ਚੌਹਾਨ ਦੇ ਪੀੜਿਤ ਪਰਿਵਾਰ ਨਾਲ ਸੰਪਰਕ ਸਾਧਿਆ ਅਤੇ ਸਮਝੌਤੇ ਲਈ ਯਤਨ ਕੀਤੇ ਜਦਕਿ ਮ੍ਰਿਤਕ ਪਾਕਿਸਤਾਨੀ ਨਾਗਰਿਕ ਦੇ ਪਰਿਵਾਰ ਨਾਲ ਸੰਪਰਕ ਕਰਨ ਲਈ ਵਿਸੇਸ਼ ਦੂਤ ਭੇਜੇ। ਦੋਹਾਂ ਪਰਿਵਾਰਾਂ ਦੀ ਸਹਿਮਤੀ ਬਨਣ ਉਪਰੰਤ ਖਾੜੀ ਮੁਲਕਾਂ ਦੇ ਕਨੂੰਨ ਅਨੁਸਾਰ ਪੀੜਿਤ ਪਰਿਵਾਰਾਂ ਨੂੰ ‘ਦੀਆ ਮਨੀ‘ (ਬਲੱਡ ਮਨੀ) ਅਦਾ ਕਰਕੇ ਸਮਝੌਤੇ ਅਦਾਲਤ ਵਿੱਚ ਕਲਮਬੱਧ ਕੀਤੇ ਗਏ ਜਿਸ ਉਪਰੰਤ ਲੰਬੀ ਕਨੂੰਨੀ ਪ੍ਰਕਿਰਿਆ ਮਗਰੋਂ 15 ਭਾਰਤੀ ਨੌਜੁਆਨਾਂ ਨੂੰ ਫਾਂਸੀ ਦੀ ਸਜਾ ਤੋਂ ਮੁਕਤ ਕਰਵਾਇਆ ਗਿਆ। ਡਾ: ਓਬਰਾਏ ਮੁਤਾਬਿਕ ਇੰਨਾਂ 15 ਨੌਜੁਆਨਾਂ ਵਿਚੋਂ 14 ਨੌਜੁਆਨ ਆਪਣੇ ਪਰਿਵਾਰਾਂ ਕੋਲ ਪਹੁੰਚ ਚੁੱਕੇ ਹਨ ਅਤੇ ਇੰਨ੍ਹਾਂ ਦੀ ਮੁਕਤੀ ਵਿੱਚ ਦੁਬਈ ਵਿਚਲੇ ਭਾਰਤੀ ਦੂਤਾਵਾਸ ਅਤੇ ਭਾਰਤੀ ਕੌਂਸਲੇਟ ਦੇ ਵਿਸੇਸ਼ ਸਹਿਯੋਗ ਦੀ ਖਾਸ ਭੂਮਿਕਾ ਹੈ। ਰਿਹਾਅ ਹੋ ਕੇ ਵਤਨ ਪੁੱਜੇ ਨੌਜੁਆਨਾਂ ਨੇ ਇਸ ਮੌਕੇ ਡਾ: ਐਸ.ਪੀ. ਸਿੰਘ ਓਬਰਾਏ ਨੂੰ ਫਰਿਸ਼ਤਾ ਦੱਸਦਿਆਂ ਕਿਹਾ ਕਿ ਡਾ: ਉਬਰਾਏ ਦੇ ਅਣਥੱਕ ਯਤਨਾਂ ਸਦਕਾ ਖੁਦ ਅਦਾਲਤਾਂ ਵਿੱਚ ਪੇਸ਼ ਹੋ ਕੇ ਅਪੀਲਾਂ ਕਰਨ ਅਤੇ ਆਪਣੇ ਪੱਲਿਓਂ ਬਲੱਡ ਮਨੀ ਦੀ ਮੋਟੀ ਰਕਮ ਦੀ ਅਦਾਇਗੀ ਕਰਨ ਕਰਕੇ ਹੀ ਆਪਣੇ ਪਰਿਵਾਰਾਂ ਕੋਲ ਵਾਪਿਸ ਆ ਸਕੇ ਹਨ। ਨੌਜੁਆਨਾਂ ਨੇ ਡਾ: ਓਬਰਾਏ ਦੁਆਰਾ ਉਨ੍ਹਾਂ ਨੂੰ ਮੌਤ ਦੇ ਮੂੰਹੋਂ ਕੱਢ ਲਿਆਉਣ ਦੇ ਵਰਤਾਰੇ ਨੂੰ ਉਨ੍ਹਾਂ ਸਾਰਿਆਂ ਦਾ ਦੂਸਰਾ ਜਨਮ ਦੱਸਦਿਆਂ ਸਰਬੱਤ ਦਾ ਭਲਾ ਟਰੱਸਟ ਦਾ ਧੰਨਵਾਦ ਕੀਤਾ। ਇਸ ਮੌਕੇ ਡਾ: ਐਸ.ਪੀ. ਸਿੰਘ ਓਬਰਾਏ ਦੇ ਨਾਲ ਟਰੱਸਟ ਦੀ ਜਲੰਧਰ ਇਕਾਈ ਸ. ਸਤਨਾਮ ਸਿੰਘ ਮਾਣਕ, ਅਮਰਜੋਤ ਸਿੰਘ, ਸ਼੍ਰੀ ਦੀਪਕ ਬਾਲੀ, ਸ. ਆਤਮਪ੍ਰਕਾਸ਼ ਸਿੰਘ, ਸ. ਪਰਮਪ੍ਰੀਤ ਸਿੰਘ, ਰਵਿੰਦਰ ਸਿੰਘ ਰੋਬਿਨ, ਮਾਝਾ ਜੋਨ ਪ੍ਰਧਾਨ ਸੁਖਜਿੰਦਰ ਸਿੰਘ ਹੇਰ, ਨਵਜੀਤ ਸਿੰਘ ਘਈ, ਪਰਮਿੰਦਰ ਸਿੰਘ ਕੜਿਆਲ ਤੋਂ ਇਲਾਵਾ ਰਿਹਾਅ ਹੋ ਕੇ ਆਏ ਨੌਜੁਆਨਾਂ ਦੇ ਪਰਿਵਾਰਿਕ ਮੈਂਬਰ ਹਾਜਰ ਸਨ।
