ਪਟਿਆਲਾ, 30 ਜੁਲਾਈ:
ਜ਼ਿਲ੍ਹਾ ਯੋਜਨਾ ਕਮੇਟੀ ਪਟਿਆਲਾ ਦੇ ਚੇਅਰਮੈਨ ਜਸਬੀਰ ਸਿੰਘ ਜੱਸੀ ਸੋਹੀਆਂ ਵਾਲਾ ਨੇ ਦਫ਼ਤਰ ਜ਼ਿਲ੍ਹਾ ਯੋਜਨਾ ਕਮੇਟੀ ਵਿਖੇ ਜੰਗਲਾਤ ਵਿਭਾਗ ਦੇ ਜੰਗਲੀ ਜੀਵ ਬਰਾਂਚ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਮੀਟਿੰਗ ਦੌਰਾਨ ਜ਼ਿਲ੍ਹਾ ਵਣ ਮੰਡਲ ਅਫ਼ਸਰ (ਜੰਗਲੀ ਜੀਵ) ਨੀਰਜ ਗੁਪਤਾ, ਵਣ ਰੇਂਜ ਅਫ਼ਸਰ ਪਟਿਆਲਾ ਚਰਨਜੀਤ ਸਿੰਘ, ਵਣ ਰੇਂਜ ਅਫ਼ਸਰ ਸਮਾਣਾ ਲਖਵੀਰ ਸਿੰਘ, ਵਣ ਗਾਰਡ ਭਾਦਸੋਂ ਪਰਮਵੀਰ ਸਿੰਘ ਤੇ ਸੁਖਚੈਨ ਸਿੰਘ ਵਣ ਗਾਰਡ ਅਤੇ ਬਿਕਰਮਜੀਤ ਸਿੰਘ ਉਪ ਅਰਥ ਅਤੇ ਅੰਕੜਾ ਸਲਾਹਕਾਰ ਇੰਨਵੈਸਟੀਗੇਟਰ ਹਾਜ਼ਰ ਰਹੇ।
ਇਸ ਦੌਰਾਨ ਡੀ.ਐਫ.ਓ. ਵਾਈਲਡ ਲਾਈਫ਼ ਨੇ ਚੇਅਰਮੈਨ ਨੂੰ ਵਿਭਾਗ ਦੇ ਚੱਲ ਰਹੇ ਪ੍ਰੋਜੈਕਟਾਂ ਬਾਰੇ ਜਾਣੂੰ ਕਰਵਾਇਆ।
ਚੇਅਰਮੈਨ ਜੱਸੀ ਸੋਹੀਆਂ ਵਾਲਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਵਣ ਵਿਭਾਗ ਜੰਗਲੀ ਜੀਵ ਦੀਆਂ ਸਕੀਮਾਂ ਨੂੰ ਆਮ ਲੋਕਾਂ ਤੱਕ ਪਹੁੰਚਾਉਣ ਲਈ ਪ੍ਰਚਾਰ-ਪ੍ਰਸਾਰ ਕੀਤਾ ਜਾਵੇ ਅਤੇ ਪੰਜਾਬ ਰਾਜ ਵਿੱਚ ਵਣ ਰਕਬੇ ਨੂੰ ਵਧਾਉਣ ਦੇ ਨਾਲ ਨਾਲ ਜੰਗਲੀ ਜੀਵਾਂ ਦੀ ਸੁਰੱਖਿਆ ਲਈ ਢੁਕਵੇਂ ਕਦਮ ਵੀ ਉਠਾਏ ਜਾਣ। ਇਸ ਮੌਕੇ ਚੇਅਰਮੈਨ ਨੇ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਜੰਗਲੀ ਜੀਵਾਂ ਦੀਆਂ ਵੱਖ- ਵੱਖ ਪ੍ਰਜਾਤੀਆਂ ਦੀ ਸੁਰੱਖਿਆ ਦੇ ਨਾਲ-ਨਾਲ ਇਨ੍ਹਾਂ ਦੇ ਲਈ ਢੁਕਵੇਂ ਪ੍ਰਬੰਧ ਯਕੀਨੀ ਬਣਾਏ ਜਾਣ ਤਾਂ ਕਿ ਬੀੜਾਂ ਦੇ ਨੇੜਲੇ ਖੇਤਾਂ ਦਾ ਉਜਾੜਾ ਨਾ ਹੋਵੇ।
ਵਣ ਰੇਂਜ ਅਫ਼ਸਰ ਨੇ ਦੱਸਿਆ ਕਿ ਬੀੜ ਮੈਂਹਸ ਵਿਖੇ 65 ਏਕੜ ਵਿਚ ਬਹੁਤ ਸ਼ਾਨਦਾਰ ਬੀੜ ਤਿਆਰ ਕੀਤੀ ਗਈ ਹੈ। ਬੀੜ ਭਾਦਸੋਂ ਵਿਚ ਪਿਛਲੇ ਸਾਲਾਂ ਵਿਚ 103 ਹੈਕਟੇਅਰ ਅਤੇ ਇਸ ਸਾਲ 2023-24 ਦੌਰਾਨ 5 ਹੈਕਟੇਅਰ ਕੰਮ ਹੋਇਆ। ਬੀੜ ਦੋਸਾਂਝ ਸੈਂਚੁਰੀ ਵਿੱਚ ਪਿਛਲੇ ਸਾਲਾਂ ਦੌਰਾਨ 18 ਹੈਕਟੇਅਰ ਅਤੇ ਇਸ ਸਾਲ 2023-24 ਵਿੱਚ 05 ਹੈਕਟੇਅਰ ਕੰਮ ਹੋਇਆ। ਬੀੜ ਭੁਨਰਹੇੜੀ ਸੈਂਚੁਰੀ ਵਿੱਚ ਸਾਲ 2022-23 ਵਿਚ 10 ਹੈਕਟੇਅਰ ਅਤੇ ਇਸ ਸਾਲ 2023-24 ਵਿੱਚ 10 ਹੈਕਟੇਅਰ ਕੰਮ ਹੋਇਆ। ਬੀੜ ਮੋਤੀਬਾਗ ਸੈਂਚੁਰੀ ਵਿੱਚ ਪਿਛਲੇ ਸਾਲਾਂ ਦੌਰਾਨ 80 ਹੈਕਟੇਅਰ ਵਿੱਚ ਬੂਟੇ ਲਗਾਏ ਗਏ ਹਨ।