ਬੀਜਿੰਗ, 5 ਫਰਵਰੀ (ਪ੍ਰੈਸ ਕੀ ਤਾਕਤ ਬਿਊਰੋ): – ਚੀਨ ‘ਚ ਜਾਨਲੇਵਾ ਕੋਰੋਨਾ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ ਵਧ ਕੇ 426 ਹੋ ਗਈ ਹੈ, ਜਦੋਂਕਿ ਹਾਂਗਕਾਂਗ ‘ਚ ਵੀ ਕੋਰੋਨਾ ਵਾਇਰਸ ਨਾਲ ਇਕ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ | ਚੀਨ ਤੇ ਫਿਲੀਪੀਨਜ਼ ਤੋਂ ਬਾਅਦ ਇਸ ਘਾਤਕ ਵਾਇਰਸ ਦੇ ਚਲਦਿਆਂ ਹੋਣ ਵਾਲੀਆਂ ਮੌਤਾਂ ਦੇ ਮਾਮਲੇ ‘ਚ ਹਾਂਗਕਾਂਗ ਤੀਸਰਾ ਦੇਸ਼ ਬਣ ਗਿਆ ਹੈ | ਦੂਜੇ ਪਾਸੇ ਚੀਨ ਨੇ ਸ਼ੰਘਾਈ ਨੇੜਲੇ ਸ਼ਹਿਰਾਂ ਨੂੰ ਵੀ ਸੀਲ ਕਰ ਦਿੱਤਾ ਹੈ | ਚੀਨ ਵਲੋਂ ਜਿਨ੍ਹਾਂ ਸ਼ਹਿਰਾਂ ਨੂੰ ਸੀਲ ਕੀਤਾ ਗਿਆ ਹੈ, ਉਨ੍ਹਾਂ ‘ਚ ਝੇਜੀਆਂਗ ਸੂਬੇ ਦੇ ਤਾਈਝੌ ਤੇ ਵੈਨਜ਼ੌ ਸ਼ਹਿਰ ਸ਼ਾਮਿਲ ਹਨ | ਚੀਨ ਦੇ ਕੌਮੀ ਸਿਹਤ ਕਮਿਸ਼ਨ ਨੇ ਹੁਣ ਤੱਕ ਇਸ ਵਾਇਰਸ ਨਾਲ ਪ੍ਰਭਾਵਿਤ 20,522 ਮਾਮਲਿਆਂ ਦੀ ਪੁਸ਼ਟੀ ਕੀਤੀ ਹੈ | ਕਮਿਸ਼ਨ ਅਨੁਸਾਰ ਹੁਣ ਤੱਕ 3225 ਨਵੇਂ ਮਾਮਲੇ ਸਾਹਮਣੇ ਆਏ ਹਨ, ਜਦੋਂਕਿ 64 ਮੌਤਾਂ ਦੀ ਜਾਣਕਾਰੀ ਪ੍ਰਾਪਤ ਹੋਈ ਹੈ | ਇਹ ਸਾਰੀਆਂ ਮੌਤਾਂ ਹੁਬੇਈ ਸੂਬੇ ‘ਚ ਹੋਈਆਂ ਹਨ, ਜਿਸ ਦੀ ਰਾਜਧਾਨੀ ਵੁਹਾਨ ਕੋਰੋਨਾ ਵਾਇਰਸ ਦੀ ਮਾਰ ਦਾ ਕੇਂਦਰ ਹੈ | ਹਾਂਗਕਾਂਗ ‘ਚ ਕੋਰੋਨਾ ਵਾਇਰਸ ਨਾਲ 39 ਸਾਲ ਦੇ ਇਕ ਵਿਅਕਤੀ ਦੀ ਮੌਤ ਤੋਂ ਬਾਅਦ ਹਾਂਗਗਾਂਕ ‘ਚ ਪਹਿਲੀ ਤੇ ਚੀਨ ਤੋਂ ਬਾਅਦ ਦੂਜੀ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ | ਮਿ੍ਤਕ ਨੌਜਵਾਨ ਵੈਮਪਰੋਆ ਗਾਰਡਨ ਦਾ ਵਸਨੀਕ ਸੀ, ਜਿਸ ਤੋਂ ਲਾਗ ਲੱਗਣ ਕਾਰਨ ਮਿ੍ਤਕ ਦੀ 72 ਸਾਲ ਦੀ ਮਾਂ ਵੀ ਇਲਾਜ ਅਧੀਨ ਹੈ | ਹਾਂਗਕਾਂਗ ‘ਚ ਕੋਰੋਨਾ ਵਾਇਰਸ ਤੋਂ ਪੀੜਤ ਮਰੀਜਾਂ ਦੀ ਗਿਣਤੀ 17 ਹੋ ਗਈ ਹੈ |
ਵਿਸ਼ਵ ਸਿਹਤ ਸੰਗਠਨ ਨੇ ਵੀਰਵਾਰ ਨੂੰ ੂ ਕਿਹਾ ਕਿ ਚੀਨ ਤੋਂ ਦੋ ਦਰਜਨ ਦੇਸ਼ਾਂ ‘ਚ ਫੈਲਿਆ ਜਾਨਲੇਵਾ ਕੋਰੋਨਾ ਵਾਇਰਸ ਦਾ ਪ੍ਰਕੋਪ ਅਜੇ ਤੱਕ ਵਿਸ਼ਵ ਲਈ ਮਹਾਂਮਾਰੀ ਨਹੀਂ ਹੈ | ‘ਡਬਲਯੂ.ਐਚ.ਓ. ਦੇ ਗਲੋਬਲ ਇਨਫੈਕਟਸਿਵ ਹੈਜ਼ਰਡ ਪ੍ਰਪੇਅਰਨਸ ਡਿਵੀਜ਼ਨ’ ਦੀ ਮੁਖੀ ਸਿਲਵੀ ਬ੍ਰਾਂਡ ਨੇ ਜੇਨੇਵਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਫਿਲਹਾਲ ਅਸੀ ਮਹਾਂਮਾਰੀ ਦੀ ਲਪੇਟ ‘ਚ ਨਹੀਂ ਹਾਂ |
ਜਪਾਨ ਨੇ 3711 ਯਾਤਰੀਆਂ ਵਾਲੇ ਇਕ ਯਾਤਰੀ ਜਹਾਜ਼ ਨੂੰ ਕੋਰੋਨਾ ਵਾਇਰਸ ਕਾਰਨ ਯੋਕੋਹਾਮਾ ਬੰਦਰਗਾਹ ਤੋਂ ਵੱਖ ਕਰ ਦਿੱਤਾ ਹੈ | ਮੰਗਲਵਾਰ ਨੂੰ ਜਹਾਜ਼ ‘ਤੇ ਹਾਂਗਕਾਂਗ ਦਾ ਇਕ 80 ਸਾਲ ਦਾ ਵਿਅਕਤੀ ਕੋਰੋਨਾ ਵਾਇਰਸ ਨਾਲ ਪੀੜਤ ਪਾਇਆ ਗਿਆ ਸੀ | ਇਸ ਤੋਂ ਬਾਅਦ ਸਾਰੇ ਯਾਤਰੀਆਂ ਦੀ ਜਾਂਚ ਕੀਤੀ ਜਾ ਰਹੀ ਹੈ |