ਨਵੀਂ ਦਿੱਲੀ, 22 ਨਵੰਬਰ
ਪੱਛਮੀ ਏਸ਼ੀਆ ’ਚ ਅਸੁਰੱਖਿਆ ਅਤੇ ਅਸਥਿਰਤਾ ਦੇ ਹਾਲਾਤ ’ਤੇ ਚਿੰਤਾ ਪ੍ਰਗਟ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜੀ-20 ਮੁਲਕਾਂ ਦੇ ਆਗੂਆਂ ਨੂੰ ਕਿਹਾ ਕਿ ਇਹ ਯਕੀਨੀ ਬਣਾਉਣ ਦੀ ਲੋੜ ਹੈ ਕਿ ਇਜ਼ਰਾਈਲ-ਹਮਾਸ ਜੰਗ ਖੇਤਰੀ ਟਕਰਾਅ ਦਾ ਰੂਪ ਨਾ ਲਵੇ। ਉਨ੍ਹਾਂ ਬੰਦੀਆਂ ਦੀ ਰਿਹਾਈ ਲਈ ਹੋਏ ਸਮਝੌਤੇ ਦੇ ਐਲਾਨ ਦਾ ਵੀ ਸਵਾਗਤ ਕੀਤਾ। ਜੀ-20 ਲੀਡਰਜ਼ ਸਿਖਰ ਸੰਮੇਲਨ ਨੂੰ ਵਰਚੁਅਲੀ ਸੰਬੋਧਨ ਕਰਦਿਆਂ ਮੋਦੀ ਨੇ ਕਿਹਾ ਕਿ ਅਤਿਵਾਦ ਕਿਸੇ ਨੂੰ ਵੀ ਮਨਜ਼ੂਰ ਨਹੀਂ ਹੈ ਅਤੇ ਆਮ ਨਾਗਰਿਕਾਂ ਦੀ ਜਿਥੇ ਕਿਤੇ ਵੀ ਮੌਤ ਹੋਵੇ, ਉਸ ਦੀ ਨਿਖੇਧੀ ਕੀਤੀ ਜਾਣੀ ਚਾਹੀਦੀ ਹੈ। ਮੋਦੀ ਨੇ ਸਮਾਪਤੀ ਭਾਸ਼ਨ ’ਚ ਕਿਹਾ ਕਿ ਅਤਿਵਾਦ ਨੂੰ ਸਹਿਣ ਨਹੀਂ ਕੀਤਾ ਜਾਵੇਗਾ ਅਤੇ ਬੇਕਸੂਰਾਂ ਖਾਸ ਕਰਕੇ ਬੱਚਿਆਂ ਅਤੇ ਔਰਤਾਂ ਦੀ ਹੱਤਿਆ ਮਨਜ਼ੂਰ ਨਹੀਂ ਹੈ। ਉਨ੍ਹਾਂ ਕਿਹਾ ਕਿ ਇਜ਼ਰਾਈਲ-ਫਲਸਤੀਨ ਮੁੱਦੇ ਦੇ ਪੱਕੇ ਹੱਲ ਲਈ ਦੋ-ਰਾਸ਼ਟਰ ਬਣਾਉਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਪਿਛਲੇ ਕੁਝ ਮਹੀਨਿਆਂ ਤੋਂ ਨਵੀਂਆਂ ਚੁਣੌਤੀਆਂ ਉਭਰੀਆਂ ਹਨ ਅਤੇ ਪੱਛਮੀ ਏਸ਼ੀਆ ’ਚ ਅਸੁਰੱਖਿਆ ਤੇ ਅਸਥਿਰਤਾ ਚਿੰਤਾ ਦਾ ਵਿਸ਼ਾ ਹੈ। ਵਰਚੁਅਲੀ ਮੀਟਿੰਗ ’ਚ ਯੂਰੋਪੀਅਨ ਕਮਿਸ਼ਨ ਦੀ ਮੁਖੀ ਉਰਸੁਲਾ ਵੋਨ ਡੇਰ ਲੇਯੇਨ, ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ, ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ, ਬ੍ਰਾਜ਼ੀਲ ਦੇ ਰਾਸ਼ਟਰਪਤੀ ਲੁਇਜ਼ ਇਨਾਸੀਓ ਲੂਲਾ ਡਾ ਸਿਲਵਾ, ਬੰਗਲਾਦੇਸ਼ੀ ਪ੍ਰਧਾਨ ਮੰਤਰੀ ਸ਼ੇਖ਼ ਹਸੀਨਾ ਅਤੇ ਆਈਐੱਮਐੱਫ ਐੱਮਡੀ ਕ੍ਰਿਸਟਲੀਨਾ ਜੌਰਜੀਵਾ ਸਮੇਤ ਹੋਰ ਆਗੂਆਂ ਨੇ ਹਿੱਸਾ ਲਿਆ। ਮੋਦੀ ਨੇ ਕਿਹਾ,‘‘ਸਾਡੇ ਇਕੱਠੇ ਆਉਣ ਤੋਂ ਪਤਾ ਲਗਦਾ ਹੈ ਕਿ ਅਸੀਂ ਸਾਰੇ ਮੁੱਦਿਆਂ ਨੂੰ ਲੈ ਕੇ ਸੰਵੇਦਨਸ਼ੀਲ ਹਾਂ ਅਤੇ ਉਨ੍ਹਾਂ ਦੇ ਹੱਲ ਲਈ ਇਕਜੁੱਟ ਹਾਂ। ਅਸੀਂ ਮੰਨਦੇ ਹਾਂ ਕਿ ਸਾਨੂੰ ਅਤਿਵਾਦ ਮਨਜ਼ੂਰ ਨਹੀਂ ਹੈ। ਆਮ ਨਾਗਰਿਕਾਂ ਦੀ ਜਿਥੇ ਕਿਤੇ ਵੀ ਮੌਤ ਹੋਵੇ, ਉਸ ਦੀ ਨਿਖੇਧੀ ਕੀਤੀ ਜਾਣੀ ਚਾਹੀਦੀ ਹੈ। ਅਸੀਂ ਬੰਦੀਆਂ ਦੀ ਰਿਹਾਈ ਦੇ ਫ਼ੈਸਲੇ ਦਾ ਸਵਾਗਤ ਕਰਦੇ ਹਾਂ। ਸਾਨੂੰ ਆਸ ਹੈ ਕਿ ਸਾਰੇ ਬੰਦੀ ਛੇਤੀ ਰਿਹਾਅ ਹੋ ਜਾਣਗੇ।’’ ਆਪਣੇ ਸੰਬੋਧਨ ’ਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਪਿਛਲੇ ਇਕ ਸਾਲ ’ਚ ਜੀ-20 ਨੇ ਆਪਣੇ ਸਾਰੇ ਟੀਚੇ ਹਾਸਲ ਕਰ ਲਏ ਹਨ। ਉਨ੍ਹਾਂ ਕਿਹਾ ਕਿ ਭਾਰਤ ਦੀ ਅਗਵਾਈ ਹੇਠ ਜੀ-20 ਵੱਲੋਂ ਅਫ਼ਰੀਕਾ ਦੀ ਆਵਾਜ਼ ਬੁਲੰਦ ਕੀਤੀ ਗਈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਜੀ-20 ਦਾ ਬਹੁਲਵਾਦ ’ਚ ਭਰੋਸਾ ਵਧਿਆ ਹੈ ਅਤੇ ਆਲਮੀ ਸੁਸ਼ਾਸਨ ਸੁਧਾਰਾਂ ਨੂੰ ਨਵੀਂ ਸੇਧ ਮਿਲੀ ਹੈ। -ਪੀਟੀਆਈ
ਯੂਕਰੇਨ ਵਾਂਗ ਗਾਜ਼ਾ ਵਿੱਚ ਵੀ ਮੌਤਾਂ ਖ਼ੌਫ਼ਨਾਕ: ਪੂਤਿਨ
ਮਾਸਕੋ: ਯੂਕਰੇਨ ’ਚ ਚੱਲ ਰਹੀ ਜੰਗ ਨੂੰ ‘ਤ੍ਰਾਸਦੀ’ ਕਰਾਰ ਦਿੰਦਿਆਂ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੇ ਕਿਹਾ ਕਿ ਗਾਜ਼ਾ ਪੱਟੀ ਸਮੇਤ ਕਿਤੇ ਵੀ ਜੰਗ ਹੋਵੇ, ਉਹ ਖ਼ੌਫ਼ਨਾਕ ਹੈ। ਉਨ੍ਹਾਂ ਜੀ-20 ਮੁਲਕਾਂ ਨੂੰ ਅਪੀਲ ਕੀਤੀ ਕਿ ਉਹ ਟਕਰਾਅ ਖ਼ਤਮ ਕਰਾਉਣ ਦੀਆਂ ਕੋਸ਼ਿਸ਼ਾਂ ਕਰਨ। ਪੂਤਿਨ ਨੇ ਜੀ-20 ਸੰਮੇਲਨ ਨੂੰ ਵਰਚੁਅਲੀ ਸੰਬੋਧਨ ਕੀਤਾ ਅਤੇ ਉਨ੍ਹਾਂ ਦਾ ਇਹ ਬਿਆਨ ਉਸ ਸਮੇਂ ਆਇਆ ਹੈ ਜਦੋਂ ਕੁਝ ਆਗੂਆਂ ਨੇ ਕਿਹਾ ਕਿ ਉਹ ਯੂਕਰੇਨ ’ਚ ਚੱਲ ਰਹੀ ਜੰਗ ਨਾਲ ਹਿਲ ਗਏ ਹਨ। ਪੂਤਿਨ ਨੇ ਕਿਹਾ ਕਿ ਗਾਜ਼ਾ ’ਚ ਡਾਕਟਰਾਂ ਨੂੰ ਬੱਚਿਆਂ ਦੇ ਢਿੱਡ ਅਤੇ ਸਿਰ ਦੇ ਅਪਰੇਸ਼ਨ ਅਨੈਸਥੀਸੀਆ ਤੋਂ ਬਿਨਾਂ ਹੀ ਕਰਨੇ ਪੈ ਰਹੇ ਹਨ। ‘ਕੀ ਇਹ ਖ਼ੌਫ਼ਨਾਕ ਨਹੀਂ ਹੈ? ਫ਼ੌਜੀ ਕਾਰਵਾਈਆਂ ਹਮੇਸ਼ਾ ਕੁਝ ਲੋਕਾਂ, ਕੁਝ ਪਰਿਵਾਰਾਂ ਅਤੇ ਦੇਸ਼ ਲਈ ਤ੍ਰਾਸਦੀ ਹੁੰਦੀਆਂ ਹਨ।’ ਪੂਤਿਨ ਨੇ ਕਿਹਾ ਕਿ ਸਾਰਿਆਂ ਨੂੰ ਜੰਗ ਰੋਕਣ ਦੇ ਹੱਲ ਲੱਭਣੇ ਚਾਹੀਦੇ ਹਨ। -ਪੀਟੀਆਈ