ਪਟਿਆਲਾ, 8 ਜੁਲਾਈ (ਪ੍ਰੈਸ ਕੀ ਤਾਕਤ ਬਿਊਰੋ)- ਪੰਜਾਬ ਪ੍ਰਦੂਸ਼ਨ ਕੰਟਰੋਲ ਬੋਰਡ ਨੇ ਪੰਜਾਬ ਦੇ ਮੁੱਖ 6 ਸ਼ਹਿਰਾਂ ਦੀ ਜੂਨ ਦੀ ਏਅਰ ਕੁਆਲਿਟੀ ਦਾ ਡਾਟਾ ਜਾਰੀ ਕਰਦਿਆਂ ਕਿਹਾ ਹੈ ਕਿ ਪੰਜਾਬ ਵਿਚ ਹੋਰਾਂ ਮਹੀਨਿਆਂ ਦੇ ਮੁਕਾਬਲੇ ਜੂਨ ਮਹੀਨੇ ਦੀ ਏਅਰ ਕੁਆਲਿਟੀ ਏ.ਕਿਊ.ਆਈ. ਵਿੱਚ ਸੁਧਾਰ ਹੋਇਆ ਹੈ। ਪੰਜਾਬ ਪ੍ਰਦੂਸ਼ਨ ਕੰਟਰੋਲ ਬੋਰਡ ਦੇ ਚੇਅਰਮੈਨ ਐਸ. ਐਸ. ਮਰਵਾਹਾ ਅਤੇ ਮੈਂਬਰ ਕਰੁਨੇਸ਼ ਗਰਗ ਨੇ ਦੱਸਿਆ ਕਿ ਜਲੰਧਰ ਦਾ ਏ.ਕਿਊ.ਆਈ. 85, ਪਟਿਆਲਾ 72, ਮੰਡੀ ਗੋਬਿੰਦਗੜ੍ਹ 102, ਲੁਧਿਆਣਾ 85, ਖੰਨਾ 89, ਅੰਮ੍ਰਿਤਸਰ 87 ਪਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਸਭ ਤੋਂ ਘੱਟ ਇਸ ਸਮੇਂ ਪਟਿਆਲਾ ਪ੍ਰਦੂਸ਼ਨ ਹੈ ਜਦੋਂਕਿ ਮੰਡੀ ਗੋਬਿੰਦਗੜ੍ਹ ਏ.ਕਿਊ.ਆਈ. 102 ਆਇਆ ਹੈ। ਜਿਸ ਵਿਚ ਸੁਧਾਰ ਆਉਣ ਦੀ ਲੋੜ ਹੈ।
ਪੰਜਾਬ ਪ੍ਰਦੂਸ਼ਨ ਕੰਟਰੋਲ ਬੋਰਡ ਦੇ ਚੇਅਰਮੈਨ ਐਸ. ਐਸ. ਮਰਵਾਹਾ ਨੇ ਪਿਛਲੇ ਦਿਨੀਂ ਮੰਡੀ ਗੋਬਿੰਦਗੜ੍ਹ ਦੇ ਫੈਕਟਰੀ ਮਾਲਕਾਂ ਨਾਲ ਵੀ ਮੀਟਿੰਗ ਕੀਤੀ ਸੀ ਅਤੇ ਪ੍ਰਦੂਸ਼ਨ ਘਟਾਉਣ ਤੈਅ ਨਿਯਮਾਂ ਦੀ ਪਾਲਣਾ ਕਰਨ ਸਬੰਧੀ ਕਿਹਾ ਸੀ ਅਤੇ ਫੈਕਟਰੀ ਮਾਲਕਾਂ ਨੂੰ ਭਰੋਸਾ ਦਿਵਾਇਆ ਸੀ ਕਿ ਪੰਜਾਬ ਪ੍ਰਦੂਸ਼ਨ ਕੰਟਰੋਲ ਬੋਰਡ ਹਰ ਤਰ੍ਹਾਂ ਦੀ ਸਹਾਇਤਾ ਦੇਣ ਨੂੰ ਤਿਆਰ ਹੈ। ਜਿਸ ਨਾਲ ਪ੍ਰਦੂਸ਼ਨ ਵਿਚ ਕਮੀ ਆ ਸਕੇ। ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਪ੍ਰਦੂਸ਼ਨ ਕੰਟਰੋਲ ਬੋਰਡ ਦੇ ਲੋਕ ਸੰਪਰਕ ਅਧਿਕਾਰੀ ਸੁਰਿੰਦਰ ਸਿੰਘ ਮਠਾੜੂ ਨੇ ਕਿਹਾ ਕਿ ਪ੍ਰਦੂਸ਼ਨ ਕੰਟਰੋਲ ਬੋਰਡ ਦਿਨ ਰਾਤ ਲੱਗ ਕੇ ਪੰਜਾਬ ਦਾ ਪ੍ਰਦੂਸ਼ਨ ਘੱਟ ਕਰਨ ਲਈ ਲੱਗਿਆ ਹੋਇਆ ਹੈ ਤਾਂ ਕਿ ਪੰਜਾਬ ਦੀ ਜਨਤਾ ਪ੍ਰਦੂਸ਼ਨ ਤੋਂ ਬਚ ਸਕੇ।