ਪਟਿਆਲਾ, 23 ਅਗਸਤ (ਪ੍ਰੈਸ ਕੀ ਤਾਕਤ ਬਿਊਰੋ)- ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਿਟੀ ਦੇ ਕਾਰਜਕਾਰੀ ਚੇਅਰਮੈਨ ਜਸਟਿਸ ਸ੍ਰੀ ਅਜੈ ਤਿਵਾੜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ ਕਮ ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਸ੍ਰੀ ਰਾਜਿੰਦਰ ਅਗਰਵਾਲ ਦੀ ਰਹਿਨੁਮਾਈ ਹੇਠ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਪਟਿਆਲਾ ਵੱਲੋਂ ਵਰਲਡ ਸੀਨੀਅਰ ਸਿਟੀਜ਼ਨ ਡੇਅ ਮਨਾਇਆ ਗਿਆ ।
ਇਸ ਮੌਕੇ ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਮਿਸ ਪਰਮਿੰਦਰ ਕੌਰ ਵੱਲੋਂ ਬਿਰਧ ਆਸ਼ਰਮ, ਪਿੰਡ ਰੋਂਗਲਾ ਵਿੱਚ ਰਹਿ ਰਹੇ ਬਜ਼ੁਰਗਾਂ ਨਾਲ ਵੀਡੀਓ ਕਾਨਫ਼ਰੰਸ ਰਾਹੀਂ ਗੱਲ ਕੀਤੀ ਗਈ । ਇਸ ਸੈਸ਼ਨ ਦੌਰਾਨ ਉਹਨਾਂ ਤੋਂ ਉਨ੍ਹਾਂ ਦੀ ਸਿਹਤ, ਮੈਡੀਕਲ ਸਹੂਲਤਾਂ ਅਤੇ ਉਨ੍ਹਾਂ ਨੂੰ ਦਿੱਤੇ ਜਾਂਦੇ ਖਾਣੇ ਬਾਰੇ ਪੁੱਛਿਆ ਅਤੇ ਉਨ੍ਹਾਂ ਨੂੰ ਸੀਨੀਅਰ ਸਿਟੀਜ਼ਨ ਐਕਟ ਬਾਰੇ ਅਤੇ ਨਾਲਸ਼ (ਸੀਨੀਅਰ ਨਾਗਰਿਕਾਂ ਲਈ ਕਾਨੂੰਨੀ ਸੇਵਾਵਾਂ) ਸਕੀਮ, 2016 ਬਾਰੇ ਵਿਸਥਾਰ ਸਹਿਤ ਜਾਣੂ ਕਰਵਾਇਆ ਗਿਆ। ਵੀਡੀਓ ਕਾਨਫ਼ਰੰਸ ਦੌਰਾਨ ਪੀ.ਐਲ.ਵੀ. ਅਤੇ ਇੰਚਾਰਜ ਓਲਡ ਏਜ਼ਡ ਹੋਮ ਸ੍ਰੀ ਲਖਵਿੰਦਰ ਸਰੀਨ ਨੂੰ ਆਸ਼ਰਮ ਦੇ ਬਜ਼ੁਰਗਾਂ ਦੀ ਸਿਹਤ ਦਾ ਚੈੱਕ ਅੱਪ ਵੀ ਕਰਵਾਉਣ ਲਈ ਕਿਹਾ ਗਿਆ ਅਤੇ ਇਸ ਦੇ ਨਾਲ ਹੀ ਉਨ੍ਹਾਂ ਨੂੰ ਕਿਹਾ ਗਿਆ ਕਿ ਉਹ ਉਹਨਾਂ ਬਜ਼ੁਰਗਾਂ ਦੇ ਨਾਮ ਆਦਿ ਬਾਰੇ ਦਫ਼ਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਪਟਿਆਲਾ ਨੂੰ ਭੇਜਣ, ਜਿਨ੍ਹਾਂ ਦੀ ਪੈਨਸ਼ਨ ਅਤੇ ਆਧਾਰ ਕਾਰਡ ਨਹੀਂ ਬਣੇ ਹਨ।
ਇਸ ਤੋਂ ਇਲਾਵਾ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਪਟਿਆਲਾ ਵੱਲੋਂ ਸਾਈ ਬਿਰਧ ਆਸ਼ਰਮ ਪਿੰਡ ਚੌਰਾ, ਪਟਿਆਲਾ ਵਿੱਚ ਵੀ ਵਰਲਡ ਸੀਨੀਅਰ ਸਿਟੀਜ਼ਨ ਡੇਅ ਮਨਾਇਆ ਗਿਆ । ਇਸ ਦੌਰਾਨ ਸ੍ਰੀ ਪ੍ਰਿਤਪਾਲ ਸਿੰਘ ਐਡਵੋਕੇਟ ਵੱਲੋਂ ਆਸ਼ਰਮ ਵਿੱਚ ਉੱਥੇ ਰਹਿੰਦੇ ਲੋਕਾਂ ਨਾਲ ਇੱਕ ਸੈਮੀਨਾਰ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਨੂੰ ਨਾਲਸ਼ (ਸੀਨੀਅਰ ਨਾਗਰਿਕਾਂ ਲਈ ਕਾਨੂੰਨੀ ਸੇਵਾਵਾਂ) ਯੋਜਨਾ, 2016 ਮੁਫ਼ਤ ਕਾਨੂੰਨੀ ਸਹਾਇਤਾ, ਟੋਲ ਫ਼ਰੀ ਨੰਬਰ 1968, ਮੀਡੀਏਸ਼ਨ ਅਤੇ ਕੰਸੀਲੀਏਸ਼ਨ ਸੈਂਟਰ, ਸਥਾਈ ਲੋਕ ਅਦਾਲਤ (ਜਨ ਉਪਯੋਗੀ ਸੇਵਾਵਾਂ) ਅਤੇ ਮਿਤੀ 11 ਸਤੰਬਰ 2021 ਨੂੰ ਲੱਗਣ ਵਾਲੀ ਲੋਕ ਅਦਾਲਤ ਬਾਰੇ ਵੀ ਜਾਣਕਾਰੀ ਦਿੱਤੀ ਗਈ।