ਬਰਨਾਲਾ,27 ਜੁਲਾਈ (ਰਾਕੇਸ਼ ਗੋਇਲ/ਰਾਹੁਲ ਬਾਲੀ):- ਜ਼ਿਲ੍ਹਾ ਬਰਨਾਲਾ ਨੂੰ ਹਰਿਆਵਲ ਪੱਖੋਂ ਨਮੂਨੇ ਦਾ ਸ਼ਹਿਰ ਬਣਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਨੇ ਕਮਰ ਕੱਸ ਲਈ ਹੈ। ਪ੍ਰਸ਼ਾਸਨ ਵੱਲੋਂ ਵਣ ਵਿਭਾਗ ਰਾਹੀਂ ਬਰਨਾਲੇ ਜ਼ਿਲ੍ਹੇ ਵਿੱਚ ਡੇਢ ਲੱਖ ਪੌਦੇ ਲਾਏ ਜਾ ਰਹੇ ਹਨ, ਜਿਸ ਤਹਿਤ ਬਰਨਾਲਾ ਸ਼ਹਿਰ ਵਿਚ ਵਿਸ਼ੇਸ਼ ਵਿਉਂਤਬੰਦੀ ਨਾਲ ਪੌਦੇ ਲਾਏ ਜਾ ਰਹੇ ਹਨ, ਜੋ ਸ਼ਹਿਰ ਦੀ ਸ਼ੋਭਾ ਵਧਾਉਣਗੇ।
ਇਹ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਬਰਨਾਲਾ ਸ. ਤੇਜ ਪ੍ਰਤਾਪ ਸਿੰਘ ਫੂਲਕਾ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਬਰਨਾਲਾ ਸ਼ਹਿਰ ਨੂੰ ਹਰਿਆਲੀ ਪੱਖੋਂ ਨਮੂਨੇ ਦਾ ਸ਼ਹਿਰ ਬਣਾਉਣ ਲਈ ਵਿਸ਼ੇਸ਼ ਵਿਉਂਤਬੰਦੀ ਉਲੀਕੀ ਗਈ ਹੈ। ਇਸ ਤਹਿਤ ਬਰਨਾਲਾ ਸ਼ਹਿਰ ਨੂੰ ਆਉਂਦੇ ਸਾਰੇ ਮੁੱਖ ਮਾਰਗਾਂ ’ਤੇ ਛਾਂਦਾਰ ਦੇ ਨਾਲ ਨਾਲ ਫਲਦਾਰ ਤੇ ਫੁੱਲਦਾਰ ਪੌਦੇ ਲਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਆਈਟੀਆਈ ਚੌਕ ਤੋਂ ਹੰਢਿਆਇਆ ਚੌਕ ਤੱਕ ਆਉਂਦੇ ਮਾਰਗ ’ਤੇ ਗੁਲਮੋਹਰ ਅਤੇ ਜਕਰੰਡਾ ਦੇ ਪੌਦੇ ਲਾਏ ਗਏ ਹਨ, ਜਿਨ੍ਹਾਂ ਦੇ ਫੁੱਲ ਜਿੱਥੇ ਸ਼ਹਿਰ ਦਾ ਸੁਹੱਪਣ ਵਧਾਉਣਗੇ, ਉਥੇ ਰਾਹਗੀਰਾਂ ਨੂੰ ਛਾਂ ਵੀ ਦੇਣਗੇ। ਇਸ ਤੋਂ ਇਲਾਵਾ ਕਚਿਹਰੀ ਚੌਕ ਤੋਂ ਹੰਡਿਆਇਆ ਚੌਕ ਤੱਕ ਅਮਲਤਾਸ, ਕਚਨਾਰ, ਚਕਰੇਸੀਆ, ਅਰਜੁਨ ਆਦਿ ਪੌਦੇ ਲਾਏ ਜਾਣਗੇ। ਇਸ ਤੋਂ ਇਲਾਵਾ ਹੋਰ ਮਾਰਗਾਂ ’ਤੇ ਅੰਬ, ਜਾਮਨ, ਤੂੂਤ,ਆਮਲਾ,ਟਾਹਲੀ, ਨਿੰਮ, ਬਕੈਨ ਆਦਿ ਪੌਦੇ ਲਾਏ ਜਾਣਗੇ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸੇ ਤਰਜ਼ ’ਤੇ ਸਾਰੇ ਪਿੰਡਾਂ ਅਤੇ ਸ਼ਹਿਰਾਂ ਵਿਚ ਕਰੀਬ ਡੇਢ ਲੱਖ ਪੌਦਾ ਲਾਇਆ ਜਾਣਾ ਹੈ, ਜਿਸ ਤਹਿਤ ਪੌਦੇ ਲਾਉਣ ਦੇ ਨਾਲ ਨਾਲ ਟ੍ਰੀ ਗਾਰਡ ਲਾਉਣੇ ਸ਼ੁਰੂ ਕਰ ਦਿੱਤੇ ਗਏ ਹਨ। ਇਸ ਵਾਸਤੇ ਨਗਰ ਕੌਂਸਲ ਬਰਨਾਲਾ ਵੱਲੋਂ ਸਬਜ਼ੀਆਂ ਦੀ ਰਹਿੰਦ ਖੂੰਹਦ ਆਦਿ ਤੋਂ ਬਣਾਈ ਜੈਵਿਕ ਖਾਦ ਮੁਹੱੱਈਆ ਕਰਾਈ ਜਾ ਰਹੀ ਹੈ।
ਬੌਕਸ ਲਈ ਪ੍ਰਸਤਾਵਿਤ
ਸੁਹਾਂਜਣਾ, ਹਰੜ ਜਿਹੇ ਦੇਸੀ ਪੌਦਿਆਂ ਨਾਲ ਸ਼ਿੰਗਾਰਿਆ ਜਾਵੇਗਾ ਮੋਗਾ ਬਾਈਪਾਸ
ਸ੍ਰੀ ਫੂਲਕਾ ਨੇ ਦੱਸਿਆ ਕਿ ਮੋਗਾ ਬਾਈਪਾਸ ’ਤੇ ਖਾਲੀ ਪਈਆਂ ਥਾਵਾਂ (ਇੰਟਰਸੈਕਸ਼ਨਜ਼) ’ਤੇ ਪੰਜਾਬ ਦੇ ਰਵਾਇਤੀ/ਦੇਸੀ ਅਤੇ ਦੁਰਲੱਭ ਪੌਦੇ ਲਾਏ ਜਾਣਗੇ ਤਾਂ ਜੋ ਸਾਡੀ ਨਵੀਂ ਪਨੀਰੀ ਨੂੰ ਰਵਾਇਤੀ ਦਰੱਖਤਾਂ ਦੇ ਇਤਿਹਾਸ ਤੇ ਸਾਡੇ ਵਿਰਸੇ ਅਤੇ ਸੱਭਿਆਚਾਰ ਵਿੱਚ ਮਹੱਤਤਾ ਬਾਰੇ ਪਤਾ ਲੱਗ ਸਕੇ। ਉਨ੍ਹਾਂ ਦੱਸਿਆ ਕਿ ਮੋਗਾ ਬਾਈਪਾਸ ’ਤੇ ਖਾਲੀ ਥਾਵਾਂ ਉਤੇ ਢੱਕ, ਸੁਹਾਂਜਣਾ, ਹਰੜ, ਕਚਨਾਰ, ਅਰਜੁਨ, ਪਿਲਖਿਮ, ਬਹੇੜਾ, ਹਰਸਿੰਗਾਰ, ਖਜੂਰ, ਤ੍ਰਿਵੈਣੀ ਆਦਿ ਪੌਦੇ ਲਾਏ ਜਾਣਗੇ, ਜਿਨ੍ਹਾਂ ਵਿਚੋਂ ਬਹੁਤੇ ਦੇਸੀ ਪੌਦੇ ਲਾਏ ਜਾਣੇ ਹਨ।
ਬੌਕਸ ਲਈ ਪ੍ਰਸਤਾਵਿਤ
ਟ੍ਰੀ-ਗਾਰਡ ਦਾਨ ਕਰਨ ਦਾ ਸੱਦਾ
ਡਿਪਟੀ ਕਮਿਸ਼ਨਰ ਸ੍ਰੀ ਫੂਲਕਾ ਵੱੱਲੋਂ ਉਦਯੋਗਿਕ ਇਕਾਈਆਂ ਨੂੰ ਸੱਦਾ ਦਿੱੱਤਾ ਗਿਆ ਕਿ ਜ਼ਿਲ੍ਹੇ ਦੀ ਸੁੰਦਰਤਾ ਵਧਾਉਣ ਲਈ ਵੱਖ ਵੱਖ ਪਾਰਕ ਨੂੰ ਅਪਣਾਇਆ ਜਾਵੇ ਤਾਂ ਜੋ ਸੀਐਸਆਰ ਅਧੀਨ ਫਲਾਈਓਵਰਾਂ ਆਦਿ ਹੇਠ ਪਾਰਕ ਬਣਾ ਕੇ ਉਨ੍ਹਾਂ ਦੀ ਸੁਚੱਜੀ ਸੰਭਾਲ ਕੀਤੀ ਜਾ ਸਕੇ। ਇਸ ਤੋਂ ਇਲਾਵਾ ਉਨ੍ਹਾਂ ਵੱਖ ਵੱਖ ਸੰਸਥਾਵਾਂ ਤੇ ਉਦਯੋਗਿਕ ਇਕਾਈਆਂ ਨੂੰ ਪੌਦਿਆਂ ਲਈ ਟ੍ਰੀ-ਗਾਰਡ ਦਾਨ ਕਰਨ ਦਾ ਸੱਦਾ ਦਿੱਤਾ।













