ਪਟਿਆਲਾ , 7 ਦਸੰਬਰ (ਪ੍ਰੈਸ ਕੀ ਤਾਕਤ ਬਿਊਰੋ) :ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਸੈਂਟਰ ਫਾਰ ਡਿਵੈਲਪਮੈਂਟ ਇਕਨੌਮਿਕਸ ਐਂਡ ਇੰਨੋਵੇਸ਼ਨ ਸਟੱਡੀਜ਼ (ਸੀ.ਡੀ.ਈ.ਆਈ.ਐੱਸ.) ਵੱਲੋਂ ਕਰਵਾਈ ਜਾ ਰਹੀ 61ਵੀਂ ਇੰਡੀਅਨ ਸੋਸਾਇਟੀ ਆਫ਼ ਲੇਬਰ ਇਕਨੌਮਿਕਸ ਕਾਨਫਰੰਸ ਦੀ ਸ਼ੁਰੂਆਤ ਹੋ ਗਈ। ਸਾਇੰਸ ਆਡੀਟੋਰੀਅਮ ਵਿਖੇ ਹੋਏ ਉਦਘਾਟਨੀ ਸਮਾਰੋਹ ਵਿਚ ਅਰਥਚਾਰੇ ਨਾਲ ਸੰਬੰਧਤ ਮਾਹਿਰਾਂ ਨੇ ਆਰਥਿਕ ਮੰਦੀ, ਵਧ ਰਹੀ ਬੇਰੁਜ਼ਗਾਰੀ, ਸਰਪਲੱਸ ਲੇਬਰ ਵਾਲੇ ਹਾਲਾਤ ਵਿਚ ਮਿਹਨਤਾਨਿਆਂ ਵਿਚਲੀਆਂ ਵੱਖਰਤਾਵਾਂ ਆਦਿ ਵਿਸਿ਼ਆਂ ਉੱਪਰ ਆਪਣੇ ਅਹਿਮ ਵਿਚਾਰ ਪੇਸ਼ ਕੀਤੇ। ਜੌਬ ਮਾਰਕੀਟ ਵਿਚ ਔਰਤਾਂ ਦੀ ਸੀਮਿਤ ਸ਼ਮੂਲੀਅਤ ਅਤੇ ਰਸਮੀ ਅਤੇ ਗੈਰ ਰਸਮੀ ਖੇਤਰਾਂ ਵਿਚ ਉਜ਼ਰਤਾਂ ਸੰਬੰਧੀ ਅਪਣਾਏ ਜਾਣ ਵਾਲੇ ਦੋਹਰੇ ਮਾਪਦੰਡਾਂ ਬਾਰੇ ਵੀ ਇਸ ਸੈਸ਼ਨ ਵਿਚ ਭਰਵੀਂ ਚਰਚਾ ਹੋਈ।
ਇਸ ਚਰਚਾ ਵਿਚ ਭਾਗ ਲੈਣ ਵਾਲੀ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਦੀਆਂ ਅਹਿਮ ਸ਼ਖਸੀਅਤਾਂ ਵਿਚ ਨੀਤੀ ਆਯੋਗ ਦੇ ਵਾਈਸ ਚੇਅਰਮੈਨ ਡਾ. ਰਾਜੀਵ ਕੁਮਾਰ, ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਬੀ. ਐੱਸ. ਘੁੰਮਣ, ਜੇ. ਐੱਨ.ਯੂ. ਦੇ ਪ੍ਰੋਫੈਸਰ ਐਮੀਰਾਈਟਸ ਅਤੇ ਦਿੱਲੀ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਪ੍ਰੋ. ਦੀਪਕ ਨਈਅਰ, ਇੰਟਰਨੈਸ਼ਨਲ ਇੰਸਟੀਚਿਊਟ ਆਫ਼ ਲੇਬਰ ਸਟੱਡੀਜ਼, ਜੈਨੇਵਾ ਦੇ ਸਾਬਕਾ ਡਾਇਰੈਕਟਰ ਪ੍ਰੋ. ਗੈਰੀ ਰੋਜਰਜ਼, ਇੰਸਟੀਚਿਊਟ ਫਾਰ ਹਿਊਮਨ ਡਿਵੈਲਪਮੈਂਟ ਦੇ ਡਾਇਰੈਕਟਰ ਅਤੇ ਇੰਡੀਅਨ ਜ਼ਰਨਲ ਆਫ਼ ਲੇਬਰ ਇਕਨੌਮਿਕਸ ਦੇ ਸੰਪਾਦਕ ਅਲਖ ਐੱਨ. ਸ਼ਰਮਾ, ਰਾਜ ਯੋਜਨਾ ਬੋਰਡ, ਪੰਜਾਬ ਦੇ ਪ੍ਰਿੰਸੀਪਲ ਸਕੱਤਰ ਸ੍ਰ. ਜਸਪਾਲ ਸਿੰਘ ਅਤੇ ਇਸ ਕਾਨਫਰੰਸ ਦੇ ਆਰਗੇਨਾਈਜਿ਼ੰਗ ਸਕੱਤਰ ਡਾ. ਲਖਵਿੰਦਰ ਸਿੰਘ ਗਿੱਲ ਸ਼ਾਮਿਲ ਸਨ।
ਆਪਣੇ ਉਦਘਾਟਨੀ ਭਾਸ਼ਣ ਵਿਚ ਡਾ. ਰਾਜੀਵ ਕੁਮਾਰ ਨੇ ਕਿਹਾ ਨੀਤੀਆਂ ਦੇ ਨਿਰਮਾਣ ਸਮੇਂ ਜ਼ਮੀਨੀ ਪੱਧਰ ਦੀਆਂ ਹਕੀਕਤਾਂ ਨੂੰ ਅੱਖੋਂ ਪਰੋਖੇ ਨਹੀਂ ਕੀਤਾ ਜਾਣਾ ਚਾਹੀਦਾ। ਤਕਨੌਲਜੀ ਦੇ ਵਿਕਾਸ ਅਤੇ ਮਨੁੱਖੀ ਸ਼ਰੋਤਾਂ ਦੇ ਆਪਸੀ ਸੰਬੰਧਾਂ ਦੇ ਪ੍ਰਸੰਗ ਵਿੱਚ ਇਸ ਗੱਲ ਦਾ ਵਿਸ਼ੇਸ ਧਿਆਨ ਰੱਖਿਆ ਜਾਣਾ ਲਾਜ਼ਮੀ ਹੈ। ਉਨ੍ਹਾਂ ਕਿਹਾ ਕਿ ਅਸੀਂ ਕੁਦਰਤ ਦੇ ਅੰਗ ਸੰਗ ਰਹਿੰਦੇ ਹਾਂ ਇਸ ਲਈ ਵਿਕਾਸ ਦੀ ਗਤੀ ਵਿਚ ਤੇਜੀ ਕਰ ਕੇ ਕੁਦਰਤ ਤੇ ਫਤਹਿ ਨਹੀਂ ਪਾ ਸਕਦੇ। ਉਨ੍ਹਾਂ ਕਿਹਾ ਕਿ ਭਾਵੇਂ ਆਰਟੀਫੀਸ਼ੀਅਲ ਇੰਟੈਲੀਜੈਂਸੀ, ਰੋਬੋਟ ਪ੍ਰਣਾਲੀ ਅਤੇ ਆਟੋਮੇਸ਼ਨ ਜਿਹੀਆਂ ਅਤਿ ਆਧੁਨਿਕ ਤਕਨੀਕਾਂ ਨੂੰ ਅਸੀਂ ਨਜ਼ਰਅੰਦਾਜ ਨਹੀਂ ਕਰ ਸਕਦੇ ਪਰ ਇਸ ਦੇ ਨਾਲ ਸਾਨੂੰ ਮਨੁੱਖੀ ਹੁਨਰਾਂ ਦੇ ਵਿਕਾਸ ਤੇ ਵੀ ਧਿਆਨ ਦਿੰਦੇ ਰਹਿਣਾ ਚਾਹੀਦਾ ਹੈ ਕਿਉਂਕਿ ਤਕਨੀਕ ਦਾ ਆਗਮਨ ਕਈ ਵਾਰ ਨੌਕਰੀਆਂ ਖੁੱਸਣ ਦਾ ਕਾਰਨ ਵੀ ਬਣ ਜਾਂਦਾ ਹੈ।
ਡਾ. ਰਾਜੀਵ ਵੱਲੋਂ ਮਿਹਨਤਾਨਿਆਂ ਦੀ ਇਕਸਾਰਤਾ ਦੇ ਸੰਕਲਪ, ਸਮਾਜਿਕ ਸੁਰੱਖਿਆ, ਸਿਹਤ ਸੰਬੰਧੀ ਸੁਰੱਖਿਆ ਦੇ ਮਾਮਲਿਆਂ ਅਤੇ ਕਰਮਚਾਰੀਆਂ ਲਈ ਸੁਖਾਵੇਂ ਮਾਹੌਲ ਦੀ ਸਿਰਜਣਾ ਆਦਿ ਸੰਬੰਧੀ ਲੋੜੀਂਦੇ ਮਿਆਰ ਸਥਾਪਿਤ ਕਰਨ ਤੇ ਵੀ ਜ਼ੋਰ ਦਿੱਤਾ ਗਿਆ। ਉਨ੍ਹਾਂ ਚਿੰਤਾ ਪ੍ਰਗਟਾਈ ਕਿ ਦੇਸ ਦੀ ਅਜਾਦੀ ਦੇ 70 ਸਾਲ ਬਾਅਦ ਵੀ 38 ਫੀਸਦੀ ਬੱਚੇ ਕੁਪੋਸ਼ਣ ਦਾ ਸਿ਼ਕਾਰ ਹਨ, 50 ਫੀਸਦੀ ਔਰਤਾਂ ਵਿਚ ਖੂਨ ਦੀ ਕਮੀ ਹੈ ਅਤੇ 50 ਫੀਸਦੀ ਵਿਦਿਆਰਥੀ ਮੈਟ੍ਰਿਕ ਤੋਂ ਬਾਅਦ ਪੜ੍ਹਾਈ ਛੱਡ ਜਾਂਦੇ ਹਨ।
ਡਾ. ਬੀ. ਐੱਸ. ਘੁੰਮਣ ਵੱਲੋਂ ਭਾਰਤ ਵਿਚਲੀ ਕਿਰਤ ਅਧਾਰਿਤ ਆਰਥਿਕਤਾ ਦੇ ਵਿਸ਼ੇਸ ਪ੍ਰਸੰਗ ਵਿਚ ਗੱਲ ਕਰਦਿਆਂ ਆਰਥਿਕ ਮੰਦੀ, ਪੇਂਡੂ ਸ਼ਹਿਰੀ, ਪੜ੍ਹੇ ਲਿਖੇ ਅਤੇ ਅਨਪੜ੍ਹ, ਮਰਦ ਔਰਤ ਆਦਿ ਜਿਹੇ ਵਖ ਵਖ ਖੇਤਰਾਂ ਵਿਚ ਵਧ ਰਹੀਆਂ ਵੱਖਰਤਾਵਾਂ ਸੰਬੰਧੀ ਚਿੰਤਾ ਜ਼ਾਹਿਰ ਕੀਤੀ। ਇਸ ਮੌਕੇ ਉਨ੍ਹਾਂ ਨੇ ਪੰਜਾਬ ਦੇ ਵਿਸ਼ੇਸ ਸੰਦਰਭ ਵਿਚ ਗੱਲ ਕਰਦਿਆਂ ਵੱਡੀ ਗਿਣਤੀ ਵਿਚ ਬਾਹਰਲੇ ਦੇਸਾਂ ਨੂੰ ਜਾ ਰਹੇ ਵਿਦਿਆਰਥੀਆਂ ਨਾਲ ਹੁੰਦੇ ਬਰੇਨ-ਡਰੇਨ ਦੇ ਵਖ-ਵਖ ਪਸਾਰਾਾਂ ਬਾਰੇ ਵੀ ਗੱਲ ਕੀਤੀ। ਉਨ੍ਹਾ ਕਿਹਾ ਕਿ ਆਰਥਿਕਤਾ ਦੇ ਸੰਬੰਧ ਵਿਚ ਇਹ ਵੀ ਇਕ ਵੱਡੀ ਚੁਣੌਤੀ ਬਣ ਕੇ ਉੱਭਰ ਸਕਦਾ ਹੈ। ਕਾਨਫਰੰਸ ਸੰਬਮਧੀ ਆਪਣੇ ਭਾਵ ਜ਼ਾਹਿਰ ਕਰਦਿਆਂ ਉਨ੍ਹਾਂ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਨੂੰ ਇਸ ਗੱਲ ਦਾ ਮਾਣ ਹੈ ਕਿ ਇਹ ਕਾਨਫਰੰਸ ਚੌਥੀ ਵਾਰ ਪੰਜਾਬੀ ਯੂਨੀਵਰਸਿਟੀ ਦੇ ਵਿਹੜੇ ਹੋ ਰਹੀ ਹੈ। ਉਨ੍ਹਾਂ ਆਪਣੇ ਤਜ਼ਰਬੇ ਸਾਂਝੇ ਕਰਦਿਆਂ ਦੱਸਿਆ ਕਿ ਜਦ ਇਹ ਕਾਨਫਰੰਸ ਪਹਿਲੀ ਵਾਰ ਯੂਨੀਵਰਸਿਟੀ ਵਿਚ ਹੋਈ ਸੀ ਤਾਂ ਉਹ ਵਿਦਿਆਰਥੀ ਵਜੋਂ ਇਸ ਵਿਚ ਸ਼ਾਮਿਲ ਹੋਏ ਸਨ।
ਸ੍ਰੀ ਜਸਪਾਲ ਸਿੰਘ ਵੱਲੋਂ ਬਾਹਰੀ ਕੇਂਦਰਿਤ ਨੀਤੀਆਂ ਅਤੇ ਨਿਰੰਤਰ ਵਧ ਰਹੀਆਂ ਨਾਬਰਾਬਰੀਆਂ ਦੇ ਵਿਸ਼ੇ ਤੇ ਆਪਣੇ ਵਿਚਾਰ ਦਿੱਤੇ ਗਏ। ਉਨ੍ਹਾਂ ਕਿਹਾ ਕਿ ਮਿਹਨਤਾਨਿਆਂ ਵਿਚ ਉਸ ਤਰ੍ਹਾਂ ਵਾਧਾ ਨਹੀਂ ਹੋ ਪਾ ਰਿਹਾ ਜਿਸ ਤਰ੍ਹਾਂ ਕਿ ਹੋਣਾ ਚਾਹੀਦਾ ਹੈ। ਪ੍ਰੋ. ਅਲਖ ਐੱਨ. ਸ਼ਰਮਾ ਵੱਲੋਂ ਦੱੱਿਸਆ ਗਿਆ ਕਿ ਕਿਵੇਂ ਇੰਡੀਅਨ ਜਰਨਲ ਆਫ ਲੇਬਰ ਇਕਨੌਮਿਕਸ ਨੇ ਅਕਾਦਮਿਕ ਜਗਤ ਵਿਚ ਆਰਥਿਕਤਾ ਦੇ ਵਿਸ਼ੇ ਤੇ ਆਪਣੀ ਇਕ ਭਰੋਸੇਯੋਗਤਾ ਵਾਲੀ ਛਵੀ ਬਣਾਈ ਹੈ। ਉਨ੍ਹਾਂ ਦੱਸਿਆ ਕਿ ਇਸ ਕਾਨਫਰੰਸ ਵਿਚ ਕੁੱਲ 28 ਸੈਸ਼ਨ ਹੋਣੇ ਹਨ ਜਿਨ੍ਹਾਂ ਵਿਚ 250 ਤੋਂ ਵੱਧ ਖੋਜ ਪੱਤਰ ਪੜ੍ਹੇ ਜਾਣੇ ਹਨ। ਡੀਨ ਅਕਾਦਮਿਕ ਡਾ. ਗੁਰਦੀਪ ਸਿੰਘ ਬਤਰਾ ਵੱਲੋਂ ਧੰਨਵਾਦੀ ਸ਼ਬਦ ਬੋਲੇ ਗਏ। ਇਸ ਮੌਕੇ ਤਿੰਨ ਕਿਤਾਬਾਂ ਵੀ ਰਿਲੀਜ਼ ਕੀਤੀਆਂ ਗਈਆਂ ਜਿਨ੍ਹਾਂ ਨੂੰ ਡਾ. ਲਖਵਿੰਦਰ ਗਿੱਲ, ਡਾ. ਅਨੀਤਾ ਗਿੱਲ ਅਤੇ ਹੋਰਨਾਂ ਸਹਿ ਲੇਖਕਾਂ ਵੱਲੋਂ ਲਿਖਿਆ ਗਿਆ ਹੈ ਅਤੇ ਰੁਟਲੈੱਜ ਵੱਲੋਂ ਪ੍ਰਕਾਸਿ਼ਤ ਕੀਤਾ ਗਿਆ ਹੈ।